ਲੰਡਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਿਟੇਨ ਵਿੱਚ ਹੋਏ ਜ਼ਬਰਦਸਤ ਵਿਰੋਧ ਨੇ ਭਾਰਤ ਦੀ ਸਾਖ ਨੂੰ ਧੱਕਾ ਲਾਇਆ ਹੈ। ਬੇਸ਼ੱਕ ਮੋਦੀ ਦਾ ਪਹਿਲਾਂ ਵੀ ਵਿਦੇਸ਼ਾਂ ਵਿੱਚ ਵਿਰੋਧ ਹੋਇਆ ਪਰ ਉਹ ਆਮ ਤੌਰ 'ਤੇ ਕਿਸੇ ਵਿਸ਼ੇਸ਼ ਧੜੇ ਵੱਲੋਂ ਹੀ ਹੁੰਦਾ ਸੀ। ਇਸ ਵਾਰ ਕਈ ਸੰਗਠਨਾਂ ਤੇ ਫਿਰਕਿਆਂ ਵੱਲੋਂ ਕੀਤੇ ਵਿਰੋਧ ਦਾ ਮੁੱਦਾ ਔਰਤਾਂ ਤੇ ਘੱਟ ਗਿਣਤੀ ਦੀ ਸੁਰੱਖਿਆ ਬਣਿਆ। ਵਿਰੋਧ ਕਰਨ ਵਾਲਿਆਂ ਵਿੱਚ ਸਿੱਖ, ਮੁਸਲਾਨ ਤੇ ਹਿੰਦੂ ਜਥੇਬੰਦੀਆਂ ਤੋਂ ਇਲਾਵਾ ਸਥਾਨਕ ਲੋਕ ਵੀ ਸ਼ਾਮਲ ਸਨ। ਇਸ ਨਾਲ ਭਾਰਤ ਵਿੱਚ ਔਰਤਾਂ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਗਿਆ।

 

ਇਸ ਮੁੱਦੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ਼ ਤੋਂ ਲਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੂਟੇਰੇਸ ਮਗਰੋਂ ਕੌਮਾਂਤਰੀ ਮੁਦਰਾ ਕੋਸ਼ ਦੀ ਮੁਖੀ ਕ੍ਰਿਸਟੀਨ ਲੈਗਾਰਡ ਨੇ ਵੀ ਰੋਸ ਜ਼ਾਹਿਰ ਕੀਤਾ ਹੈ। ਲੈਗਾਰਡ ਨੇ ਕਿਹਾ ਹੈ ਕਿ ਕਠੂਆ ਕਾਂਡ ਸ਼ਰਮਨਾਕ ਹੈ। ਮੋਦੀ ਨੂੰ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਚੋਟੀ ਦੀਆਂ ਵਿਸ਼ਵ ਸੰਸਥਾਵਾਂ ਵੱਲੋਂ ਇਸ ਅਲੋਚਨਾਂ ਨੇ ਭਾਰਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ।

ਦਰਅਸਲ ਮੋਦੀ 53 ਰਾਸ਼ਟਰ ਮੰਡਲ ਮੁਲਕਾਂ ਦੇ ਮੁਖੀਆਂ ਦੀ ਮੀਟਿੰਗ ‘ਚੋਗਮ’ ਵਿੱਚ ਸ਼ਾਮਲ ਹੋਣ ਵਿਦੇਸ਼ ਗਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੂੰ ਕਠੂਆ ਕਾਂਡ ਤੇ ਘੱਟ ਗਿਣਤੀਆਂ 'ਤੇ ਹਮਲਿਆਂ ਕਰਕੇ ਅਲੋਚਨਾ ਸਹਿਣ ਕਰਨੀ ਪੈ ਰਹੀ ਹੈ। ਮੋਦੀ ਜਦੋਂ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਦੁਵੱਲੀ ਮੁਲਾਕਾਤ ਲਈ ਪੁੱਜੇ ਤਾਂ ਉਨ੍ਹਾਂ ਖ਼ਿਲਾਫ਼ ਭਾਰਤੀ ਭਾਈਚਾਰੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਲੋਕਾਂ ਵਿੱਚ ਗੁੱਸਾ ਇੰਨਾ ਸੀ ਕਿ ਇਸ ਦੌਰਾਨ ਪਾਰਲੀਮੈਂਟ ਸਕੁਏਅਰ ਵਿੱਚ ਲਾਏ ਗਏ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਫਾੜ ਦਿੱਤਾ ਗਿਆ।