Imran Khan Released: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮਾ ਮਚ ਗਿਆ ਸੀ। ਇਮਰਾਨ ਨੂੰ 9 ਮਈ ਦੀ ਦੁਪਹਿਰ ਨੂੰ ਅਚਾਨਕ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਹਿਰਾਸਤ ਵਿੱਚ ਉਸ 'ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਨੂੰ ਥੱਪੜ ਮਾਰਿਆ ਗਿਆ ਅਤੇ ਵਾਸ਼ਰੂਮ ਤੱਕ ਨਹੀਂ ਜਾਣ ਦਿੱਤਾ ਗਿਆ। ਦੇਸ਼ 'ਚ ਵੱਡੇ ਪੱਧਰ 'ਤੇ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦਰਮਿਆਨ ਵੀਰਵਾਰ 11 ਮਈ ਨੂੰ ਸੁਪਰੀਮ ਕੋਰਟ ਨੇ ਇਮਰਾਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਇਸ ਤਰ੍ਹਾਂ ਕਰੀਬ 48 ਘੰਟਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਮਰਾਨ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ।
ਹੁਣ ਇਮਰਾਨ ਖਾਨ ਦੀ ਰਿਹਾਈ ਤੋਂ ਬਾਅਦ ਇੱਕ ਤਸਵੀਰ ਇੰਟਰਨੈੱਟ 'ਤੇ ਸਾਹਮਣੇ ਆਈ ਹੈ। ਇਸ 'ਚ ਇਮਰਾਨ ਪੂਰੀ ਤਰ੍ਹਾਂ ਟੌਹਰ ਨਾਲ ਨਜ਼ਰ ਆ ਰਹੇ ਹਨ। ਉਹ ਕਾਲੇ ਚਸ਼ਮੇ ਪਾ ਕੇ ਕੁਰਸੀ 'ਤੇ ਚੌੜਾ ਹੋਇਆ ਬੈਠਾ ਹੈ। ਸਾਹਮਣੇ ਕੱਚ ਦੇ ਮੇਜ਼ 'ਤੇ ਪਾਣੀ ਦੀਆਂ ਕਈ ਬੋਤਲਾਂ ਰੱਖੀਆਂ ਹੋਈਆਂ ਹਨ। ਅਤੇ, ਨਾਸ਼ਤੇ ਦੀਆਂ ਪਲੇਟਾਂ ਦੇ ਨਾਲ ਕੌਫੀ ਦਾ ਕੱਪ ਵੀ ਦੇਖਿਆ ਜਾਂਦਾ ਹੈ।


'ਦੇਸ਼ ਭਰ ਦੇ ਲੋਕ ਉਨ੍ਹਾਂ ਲਈ ਸੜਕਾਂ 'ਤੇ ਉਤਰੇ'


ਸੋਸ਼ਲ ਮੀਡੀਆ ਯੂਜ਼ਰਸ ਨੇ ਇਮਰਾਨ ਦੇ ਇਸ ਅੰਦਾਜ਼ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ। ਕੁਝ ਲੋਕਾਂ ਨੇ ਕਿਹਾ ਕਿ ਇਹ ਇਮਰਾਨ ਦੀ ਤਾਕਤ ਹੈ, ਆਖਿਰਕਾਰ ਉਨ੍ਹਾਂ ਨੂੰ ਛੱਡਣਾ ਪਿਆ। ਇਸ ਦੇ ਨਾਲ ਹੀ ਪੀਟੀਆਈ ਦੇ ਇੱਕ ਸਮਰਥਕ ਨੇ ਟਵਿੱਟਰ 'ਤੇ ਲਿਖਿਆ- 'ਇਮਰਾਨ ਸਾਡੇ ਸਭ ਤੋਂ ਮਸ਼ਹੂਰ ਨੇਤਾ ਹਨ। ਲੋਕ ਉਨ੍ਹਾਂ ਦੀ ਬਹਾਦਰੀ ਨੂੰ ਜਾਣਦੇ ਹਨ, ਇਸੇ ਲਈ ਦੇਸ਼ ਭਰ ਦੇ ਲੋਕ ਸੜਕਾਂ 'ਤੇ ਉਤਰ ਆਏ ਅਤੇ ਸ਼ਾਹਬਾਜ਼ ਸਰਕਾਰ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ। ਇਹ ਨਤੀਜਾ ਹੈ... ਪੀਟੀਆਈ ਜ਼ਿੰਦਾਬਾਦ।


ਇਸਲਾਮਾਬਾਦ 'ਚ ਜਨਤਾ ਨੂੰ ਸੰਬੋਧਨ ਕਰਨਗੇ


ਇਸ ਦੇ ਨਾਲ ਹੀ ਪੀਟੀਆਈ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦੱਸਿਆ ਗਿਆ ਕਿ ਅੱਜ (12 ਮਈ) ਨੂੰ ਹਾਈ ਕੋਰਟ 'ਚ ਸੁਣਵਾਈ ਤੋਂ ਬਾਅਦ ਇਮਰਾਨ ਇਸਲਾਮਾਬਾਦ 'ਚ ਸ਼੍ਰੀਨਗਰ ਹਾਈਵੇਅ ਤੋਂ ਜਨਤਾ ਨੂੰ ਸੰਬੋਧਨ ਕਰਨਗੇ।


ਦੇਸ਼ ਭਰ ਵਿੱਚ ਸਮਰਥਕਾਂ ਨੇ ਜਸ਼ਨ ਮਨਾਏ


ਇਸ ਤੋਂ ਪਹਿਲਾਂ ਇਮਰਾਨ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵੀਰਵਾਰ ਨੂੰ ਜ਼ਮਾਨ ਪਾਰਕ ਸਮੇਤ ਦੇਸ਼ ਭਰ 'ਚ ਜਸ਼ਨ ਮਨਾਏ। ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੇ ਵੀ ਟਵਿੱਟਰ 'ਤੇ ਖੁਸ਼ੀ ਜ਼ਾਹਰ ਕੀਤੀ ਹੈ।