Islamabad Police: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਾਹੌਰ ਪਹੁੰਚ ਗਈ ਹੈ। ਖ਼ਾਨ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸਲਾਮਾਬਾਦ ਦੇ ਐਸਪੀ ਸਿਟੀ ਹੁਸੈਨ ਤਾਹਿਰ ਦੀ ਅਗਵਾਈ ਵਿੱਚ ਟੀਮ ਲਾਹੌਰ ਪਹੁੰਚ ਗਈ ਹੈ।


ਇਸਲਾਮਾਬਾਦ ਪੁਲਿਸ ਦਾ ਬਿਆਨ


ਤੋਸ਼ਾ ਖਾਨਾ ਮਾਮਲੇ 'ਚ ਇਮਰਾਨ ਖ਼ਾਨ ਦਾ ਗ੍ਰਿਫਤਾਰੀ ਵਾਰੰਟ ਆਇਆ ਹੈ। ਅਦਾਲਤ ਦੇ ਹੁਕਮਾਂ 'ਤੇ ਇਸਲਾਮਾਬਾਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਲਾਹੌਰ ਪਹੁੰਚ ਗਈ ਹੈ। ਇਮਰਾਨ ਖ਼ਾਨ ਦੀ ਗ੍ਰਿਫਤਾਰੀ 'ਤੇ ਇਸਲਾਮਾਬਾਦ ਪੁਲਿਸ ਨੇ ਕਿਹਾ ਕਿ ਇਮਰਾਨ ਖ਼ਾਨ ਨੂੰ ਸਾਰੀਆਂ ਕਾਨੂੰਨੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਵੇਗਾ।


ਗ੍ਰਿਫਤਾਰੀ ਨਾਲ ਦੇਸ਼ ਦੀ ਹਾਲਤ ਵਿਗੜ ਜਾਵੇਗੀ


ਪਾਕਿਸਤਾਨੀ ਮੀਡੀਆ ਏਆਰਵਾਈ ਨਿਊਜ਼ ਮੁਤਾਬਕ ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰੀ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਵਾਰੰਟ ਦਿੱਤੇ ਜਾਣੇ ਹਨ। ਇਸ ਦੇ ਨਾਲ ਹੀ ਪੀਟੀਆਈ ਦਾ ਕਹਿਣਾ ਹੈ ਕਿ ਇਮਰਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਇਸ ਲਈ ਕਿਸੇ ਨੂੰ ਵੀ ਇਮਰਾਨ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਰੁਕਾਵਟ ਪਾਉਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।


ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਬਾਰੇ ਪੀਟੀਆਈ ਨੇਤਾ ਫਵਾਦ ਚੌਧਰੀ ਨੇ ਕਿਹਾ ਕਿ ਜੇਕਰ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦੇਸ਼ ਦੇ ਹਾਲਾਤ ਵਿਗੜ ਜਾਣਗੇ।


ਇਮਰਾਨ ਖਾਨ ਦੀ ਜਾਨ ਨੂੰ ਖਤਰਾ - ਕੁਰੈਸ਼ੀ


ਹਾਲਾਂਕਿ ਪੁਲਿਸ ਨੋਟਿਸ 'ਚ ਖਾਨ ਦੀ ਗ੍ਰਿਫਤਾਰੀ ਦਾ ਕੋਈ ਆਦੇਸ਼ ਨਹੀਂ ਹੈ। ਪੀਟੀਆਈ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ, "ਅਸੀਂ ਦੁਪਹਿਰ 3 ਵਜੇ (ਭਾਰਤੀ ਸਮੇਂ) 'ਤੇ ਇਸ ਮੁੱਦੇ 'ਤੇ ਰਣਨੀਤੀ ਦਾ ਖੁਲਾਸਾ ਕਰਾਂਗੇ। ਨੋਟਿਸ ਮਿਲ ਗਿਆ ਹੈ। ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।" ਕੁਰੈਸ਼ੀ ਨੇ ਕਿਹਾ ਕਿ ਇਮਰਾਨ ਖਾਨ ਦੀ ਜਾਨ ਨੂੰ ਖ਼ਤਰਾ ਸੀ ਅਤੇ ਖ਼ਤਰਾ ਹੈ। ਸੰਭਵ ਹੈ ਕਿ ਇਮਰਾਨ ਖਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪਾਕਿਸਤਾਨ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ।


ਇਸ ਦੇ ਨਾਲ ਹੀ ਪਾਕਿਸਤਾਨ ਦੇ ਮੌਜੂਦਾ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ "ਜਿਸ ਦਿਨ ਸਰਕਾਰ ਫੈਸਲਾ ਕਰੇਗੀ ਇਮਰਾਨ ਨੂੰ ਗ੍ਰਿਫਤਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ।" ਉਨ੍ਹਾਂ ਅੱਗੇ ਕਿਹਾ ਕਿ ਇਮਰਾਨ ਨੂੰ ਗ੍ਰਿਫਤਾਰ ਕਰਨਾ ਕੋਈ ਔਖਾ ਕੰਮ ਨਹੀਂ ਹੈ। ਅਸੀਂ ਅਦਾਲਤ ਨੂੰ ਦੱਸਾਂਗੇ ਕਿ ਸਥਿਤੀ ਕਿਵੇਂ ਬਣਾਈ ਜਾ ਰਹੀ ਹੈ।