ਇਸਲਾਮਾਬਾਦ- ਪਾਕਿਸਤਾਨ 'ਚ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਕਈ ਮੰਤਰੀਆਂ ਨੇ ਇਮਰਾਨ ਖਾਨ 'ਤੇ ਕਈ ਦੋਸ਼ ਲਗਾਏ ਹਨ। ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੇ ਅਮਰੀਕੀ ਅਧਿਕਾਰੀ ਡੋਨਾਲਡ ਲੂ ਤੋਂ ਗੁਪਤ ਤੌਰ 'ਤੇ ਮੁਆਫੀ ਮੰਗੀ ਹੈ। ਇਹ ਉਹੀ ਅਧਿਕਾਰੀ ਹਨ ਜਿਨ੍ਹਾਂ 'ਤੇ ਇਮਰਾਨ ਖਾਨ ਨੇ ਆਪਣੀ ਸਰਕਾਰ ਨੂੰ ਡੇਗਣ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਡੋਨਾਲਡ ਲੂ ਤੋਂ ਮੁਆਫੀ ਮੰਗਣ ਦੇ ਸਾਰੇ ਸਬੂਤ ਮਿਲ ਗਏ ਹਨ।


ਸਰਕਾਰ ਨੂੰ ਪੀਟੀਆਈ ਨੇਤਾਵਾਂ ਦੀ ਅਮਰੀਕੀ ਸਰਕਾਰ ਨਾਲ ਮੁਲਾਕਾਤ ਦੇ ਸਬੂਤ ਮਿਲੇ ਹਨ ਜਿੱਥੇ ਉਨ੍ਹਾਂ ਨੇ ਮੁਆਫੀ ਮੰਗੀ ਹੈ। ਆਸਿਫ ਨੇ ਕਿਹਾ, ‘ਇਮਰਾਨ ਖਾਨ ਨੇ ਅਮਰੀਕਾ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਚੀਜ਼ਾਂ ਨੂੰ ਠੀਕ ਕਰਨਾ ਚਾਹੁੰਦੇ ਹਨ ਅਤੇ ਮਹਾਸ਼ਕਤੀ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ।’ ਆਸਿਫ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਅਦਾਰਿਆਂ ‘ਤੇ ਦੋਸ਼ ਲਗਾਉਣ ‘ਚ ਸ਼ਰਮ ਆਉਣੀ ਚਾਹੀਦੀ ਹੈ।


ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਬਹੁਤ ਗੰਭੀਰ ਦੋਸ਼ ਲਗਾਏ ਸਨ। ਤਰਾਰ ਨੇ ਕਿਹਾ ਸੀ- 'ਇਮਰਾਨ ਖਾਨ ਸ਼ੁਰੂ ਤੋਂ ਹੀ ਨਸ਼ੇੜੀ ਹਨ। ਸਰਕਾਰ ਜਾਣਦੀ ਹੈ ਕਿ ਨਸ਼ੇ ਉਨ੍ਹਾਂ ਦੇ ਆਲੀਸ਼ਾਨ ਘਰ, ਬਨੀਗਾਲਾ ਤੱਕ ਕੌਣ ਪਹੁੰਚਾਉਂਦਾ ਹੈ। ਇਮਰਾਨ ਚਰਸ ਅਤੇ ਕੋਕੀਨ ਤੋਂ ਬਿਨਾਂ 2 ਘੰਟੇ ਨਹੀਂ ਰਹਿ ਸਕਦਾ।


ਇਸ ਦੌਰਾਨ ਇਮਰਾਨ ਖਾਨ ਤੋਂ ਬਾਅਦ ਹੁਣ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਕਈ ਨੇਤਾ ਸਾਬਕਾ ਪੀਐਮ ਦੀ ਪਤਨੀ ਬੁਸ਼ਰਾ ਬੀਬੀ ਦੇ ਬਚਾਅ ਵਿੱਚ ਅੱਗੇ ਆਏ ਹਨ। ਬੁਸ਼ਰਾ ਬੀਬੀ 'ਤੇ ਪਾਰਟੀ ਦੇ ਮਾਮਲਿਆਂ ਨੂੰ ਪਿੱਛੇ ਤੋਂ ਚਲਾਉਣ ਦਾ ਦੋਸ਼ ਹੈ। ਪੀਟੀਆਈ ਆਗੂ ਸ਼ਾਹਬਾਜ਼ ਗਿੱਲ ਨੇ ਬੁਸ਼ਰਾ ਦੀ ਲੀਕ ਹੋਈ ਵੀਡੀਓ ਨੂੰ ਮਨਘੜਤ ਕਰਾਰ ਦਿੱਤਾ ਹੈ ਜਿਸ ਵਿੱਚ ਉਹ ਪਾਰਟੀ ਦੇ ਸੋਸ਼ਲ ਮੀਡੀਆ ਮੁਖੀ ਡਾ. ਅਰਸਲਾਨ ਖਾਲਿਦ ਨੂੰ ਪੀਟੀਆਈ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇਣ ਲਈ ਕਹਿ ਰਹੀ ਹੈ।


ਪਾਕਿਸਤਾਨ ਦੀ ਮੌਜੂਦਾ ਸਰਕਾਰ ਦੇ ਚੋਟੀ ਦੇ ਮੰਤਰੀਆਂ ਨੇ ਇਮਰਾਨ ਖਾਨ ਨੂੰ ਸਰਕਾਰੀ ਅਦਾਰਿਆਂ ਦੀ ਨਿੰਦਾ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਮਾਣਹਾਨੀ ਲਈ ਉਸ ਨੂੰ ਸੁਪਰੀਮ ਕੋਰਟ ਲਿਜਾਣ ਤੋਂ ਨਹੀਂ ਝਿਜਕਣਗੇ। ਦੱਸ ਦੇਈਏ ਕਿ ਇਮਰਾਨ ਖਾਨ ਨੇ ਮੌਜੂਦਾ ਸਰਕਾਰ ਖਿਲਾਫ਼ ਦੇਸ਼ ਵਿਆਪੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਅਜਿਹੇ 'ਚ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਮੰਤਰੀਆਂ ਨੇ ਉਨ੍ਹਾਂ 'ਤੇ ਸੰਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।