ਮਹਿਤਾਬ-ਉਦ-ਦੀਨ


ਚੰਡੀਗੜ੍ਹ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਕਦੇ ਵੀ ਸਬੰਧ ਸੁਖਾਵੇਂ ਨਹੀਂ ਬਣਾਏਗਾ ਕਿਉਂਕਿ ‘ਇਹ ਕਸ਼ਮੀਰ ਨਾਲ ਵਿਸ਼ਵਾਸਘਾਤ ਹੋਵੇਗਾ।’ ਐਤਵਾਰ ਨੂੰ ਪ੍ਰਸ਼ਨਾਂ ਤੇ ਉੱਤਰਾਂ ਦੇ ਇੱਕ ਸਿੱਧੇ ਪ੍ਰਸਾਰਣ ਦੌਰਾਨ ਇਮਰਾਨ ਖ਼ਾਨ ਨੇ ਇਹ ਪ੍ਰਗਟਾਵਾ ਕੀਤਾ ਤੇ ਇਸ ਦੀ ਰਿਪੋਰਟ ਹੁਣ ‘ਅਲ ਜਜ਼ੀਰਾ’ ਨੇ ਪ੍ਰਕਾਸ਼ਿਤ ਕੀਤੀ ਹੈ।

 

ਇਮਰਾਨ ਖ਼ਾਨ ਨੇ ਆਮ ਲੋਕਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਆਖਿਆ ਪੂਰਬ ਦੇ ਗੁਆਂਢੀ ਦੇਸ਼ (ਭਾਵ ਭਾਰਤ) ਨਾਲ ਸਬੰਧ ਮੁੜ ਸੁਖਾਵੇਂ ਬਣਾਉਣ ਦਾ ਮਤਲਬ ਹੋਵੇਗਾ ਕਿ ਕਸ਼ਮੀਰੀਆਂ ਦੇ ਸੰਘਰਸ਼ ਨੂੰ ਅੱਖੋਂ ਪ੍ਰੋਖੇ ਕਰਨਾ। ਹੁਣ ਤੱਕ ਇੱਕ ਲੱਖ ਤੋਂ ਵੱਧ ਕਸ਼ਮੀਰੀ ਵੱਖੋ-ਵੱਖਰੇ ਸੰਘਰਸ਼ਾਂ ਦੌਰਾਨ ਸ਼ਹੀਦ ਹੋ ਚੁੱਕੇ ਹਨ।

 

ਇਮਰਾਨ ਖ਼ਾਨ ਨੇ ਅੱਗੇ ਕਿਹਾ, ਮੈਂ ਸੱਤਾ ’ਚ ਆਉਣ ਦੇ ਪਹਿਲੇ ਦਿਨ ਤੋਂ ਹੀ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਤੇ ਕਸ਼ਮੀਰ ਮਸਲਾ ਗੱਲਬਾਤ ਰਾਹੀਂ ਹੱਲ ਕਰਨ ਦੇ ਬਹੁਤ ਜਤਨ ਕੀਤੇ। ਹੁਣ ਤਾਂ ਪਾਕਿਸਤਾਨ ਵੱਲੋਂ ਭਾਰਤ ਨਾਲ ਸਬੰਧ ਸੁਖਾਵੇਂ ਬਣਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਇਹ ਕਸ਼ਮੀਰ ਦੀ ਜਨਤਾ ਨਾਲ ਵਿਸ਼ਵਾਸਘਾਤ ਹੋਵੇਗਾ।

 

ਇਮਰਾਨ ਖ਼ਾਨ ਨੇ ਇਹ ਵੀ ਕਿਹਾ, ਬੇਸ਼ੱਕ ਸਬੰਧ ਸੁਖਾਵੇਂ ਹੋ ਜਾਣ ਨਾਲ ਸਾਡੇ ਵਪਾਰ ’ਚ ਸੁਧਾਰ ਆਵੇਗਾ ਪਰ ਉਨ੍ਹਾਂ (ਕਸ਼ਮੀਰੀਆਂ) ਵੱਲੋਂ ਵਹਾਇਆ ਖ਼ੂਨ ਅਜਾਈਂ ਚਲਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹੁਣ ਕਸ਼ਮੀਰ ਦੀ ਧਾਰਾ–370 ਨੂੰ ਬਹਾਲ ਕਰ ਕੇ ਉਸ ਨੂੰ ਉਸ ਦਾ ਨੀਮ-ਖ਼ੁਦਮੁਖ਼ਤਿਆਰੀ ਦਾ ਦਰਜਾ ਵਾਪਸ ਨਹੀਂ ਦੇ ਦਿੱਤਾ ਜਾਂਦਾ, ਤਦ ਤੱਕ ਭਾਰਤ ਨਾਲ ਅਸੀਂ ਪਾਕਿਸਤਾਨ ਦੀ ਤਰਫ਼ੋਂ ਕੋਈ ਗੱਲਬਾਤ ਨਹੀਂ ਕਰਾਂਗੇ।

 

ਦੱਸ ਦੇਈਏ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ 5 ਅਗਸਤ, 2019 ਨੂੰ ਸੰਵਿਧਾਨ ਦੀ ਧਾਰਾ-370 ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਨੂੰ ਦੋ ਭਾਗਾਂ ਵਿੱਚ ਵੰਡ ਦੋ ਕੇਂਦਰ ਸ਼ਾਸਤ ਪ੍ਰਦੇਸ਼ (Union Territories) ਜੰਮੂ-ਕਸ਼ਮੀਰ ਤੇ ਲੱਦਾਖ ਬਣਾ ਦਿੱਤੇ ਗਏ ਸਨ। ਤਦ ਸਮੁੱਚੇ ਜੰਮੂ-ਕਸ਼ਮੀਰ ਵਿੱਚ ਲੌਕਡਾਊਨ ਲਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀਆਂ ਬਿਆਨਬਾਜ਼ੀਆਂ ਕਾਰਣ ਵਪਾਰਕ ਸਬੰਧ ਵੀ ਤੋੜ ਲਏ ਸਨ।