ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਵੀ ਡਿਬੇਟ ਰਾਹੀਂ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਇਮਰਾਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੋਵੇਂ ਦੇਸ਼ ਇੱਕ-ਦੂਜੇ ਦੇ ਵਿਵਾਦ ਨੂੰ ਹੱਲ ਕਰ ਸਕਦੇ ਹਨ। ਅਹਿਮ ਗੱਲ ਇਹ ਹੈ ਕਿ 5 ਅਗਸਤ, 2019 ਨੂੰ ਭਾਰਤ ਨੇ ਧਾਰਾ 370 ਨੂੰ ਰੱਦ ਕਰ ਦਿੱਤਾ, ਜਿਸ ਨਾਲ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋ ਗਿਆ। ਉਦੋਂ ਤੋਂ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਹੇਠਲੇ ਪੱਧਰ 'ਤੇ ਹਨ। ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਕਸ਼ਮੀਰ ਨੂੰ ਲੈ ਕੇ ਤਿੰਨ ਜੰਗਾਂ ਲੜ ਚੁੱਕੇ ਹਨ।

ਇਮਰਾਨ ਖਾਨ ਨੇ ਰੂਸੀ ਮੀਡੀਆ ਸਮੂਹ ਰਸ਼ੀਅਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੈਂ ਨਰਿੰਦਰ ਮੋਦੀ ਨਾਲ ਟੀਵੀ 'ਤੇ ਬਹਿਸ ਵਿੱਚ ਹਿੱਸਾ ਲੈਣਾ ਪਸੰਦ ਕਰਾਂਗਾ।" ਉਨ੍ਹਾਂ ਕਿਹਾ ਕਿ ਇਹ ਭਾਰਤੀ ਉਪ ਮਹਾਂਦੀਪ ਦੇ ਅਰਬਾਂ ਲੋਕਾਂ ਲਈ ਲਾਹੇਵੰਦ ਹੋਵੇਗਾ, ਕਿਉਂਕਿ ਇਸ ਨਾਲ ਦੋਵਾਂ ਦੇਸ਼ਾਂ ਨੂੰ ਆਪਸੀ ਮੁੱਦਿਆਂ ਨੂੰ ਗੱਲਬਾਤ ਤੋਂ ਦੂਰ ਕਰਨ ਦਾ ਮੌਕਾ ਮਿਲੇਗਾ।

ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਨੂੰ ਵਾਰ-ਵਾਰ ਕਹਿ ਰਿਹਾ ਹੈ ਕਿ ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਭਾਰਤ ਵੀ ਪਾਕਿਸਤਾਨ ਨੂੰ ਅੱਤਵਾਦ 'ਤੇ ਲਗਾਮ ਲਗਾਉਣ ਲਈ ਲਗਾਤਾਰ ਚਿਤਾਵਨੀ ਦੇ ਰਿਹਾ ਹੈ। ਖਾਸ ਤੌਰ 'ਤੇ ਅਜਿਹੇ ਸੰਗਠਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਇਸ ਪ੍ਰਸਤਾਵ 'ਤੇ ਭਾਰਤ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਜਿਹੀ ਕਿਸੇ ਵੀ ਮੰਗ ਨੂੰ ਸਵੀਕਾਰ ਕਰਨ ਤੋਂ ਪਹਿਲਾਂ 2008 ਦੇ ਮੁੰਬਈ ਅੱਤਵਾਦੀ ਹਮਲਿਆਂ, ਪਠਾਨਕੋਟ, ਉੜੀ ਤੇ ਪੁਲਵਾਮਾ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਉਠਾ ਸਕਦਾ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਭਾਰਤ ਹੁਣ ਤੱਕ ਪਾਕਿਸਤਾਨ 'ਤੇ ਦੋ ਵਾਰ ਸਰਜੀਕਲ ਸਟ੍ਰਾਈਕ ਕਰ ਚੁੱਕਾ ਹੈ।