ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੁਰਸੀ ਬਚਾਉਣ ਲਈ ਹਰ ਤਰਕੀਬ ਕਰਨ ਵਿੱਚ ਲੱਗੇ ਹੋਏ ਹਨ। ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤੇ 'ਤੇ ਬਹੁਮਤ ਲਈ ਸੰਘਰਸ਼ ਕਰ ਰਹੀ ਇਮਰਾਨ ਖਾਨ ਦੀ ਪਾਰਟੀ ਤੇ ਉਸ ਦੇ ਸਹਿਯੋਗੀਆਂ ਨੂੰ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸੂਬੇ 'ਚ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਇਸ ਦੌਰਾਨ ਸਰਕਾਰ ਨੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪੰਜਾਬ ਦੇ ਨਵੇਂ ਰਾਜਪਾਲ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸੰਵਿਧਾਨ ਮੁਤਾਬਕ ਡਿਪਟੀ ਸਪੀਕਰ ਕਾਰਜਕਾਰੀ ਰਾਜਪਾਲ ਹੋਵੇਗਾ।
ਬਹੁਮਤ ਲਈ ਚਾਹੀਦਾ 186 ਦਾ ਅੰਕੜਾ
ਪੰਜਾਬ ਸੂਬੇ ਵਿੱਚ ਕੁੱਲ 371 ਸੀਟਾਂ ਹਨ ਅਤੇ ਸਰਕਾਰ ਨੂੰ ਇੱਥੇ ਬਹੁਮਤ ਲਈ 186 ਦਾ ਅੰਕੜਾ ਚਾਹੀਦਾ ਹੈ ਪਰ ਇਸ ਦੌਰਾਨ ਇਮਰਾਨ ਦੇ ਬਾਗੀ ਆਗੂਆਂ ਨੇ ਵਿਰੋਧੀ ਧਿਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਵਿਰੋਧੀ ਧਿਰ ਨੇ ਪੀਐਮਐਲ-ਐਨ ਆਗੂ ਹਮਜ਼ਾ ਸ਼ਾਹਬਾਜ਼ ਨੂੰ ਸੀਐਮ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ, ਜਿਸ ਨੂੰ ਜਹਾਂਗੀਰ ਤਰੀਨ ਸਮੂਹ ਨੇ ਸਮਰਥਨ ਦਿੱਤਾ ਹੈ। ਜਦਕਿ ਇਮਰਾਨ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਕਾਇਦਾ ਦੇ ਨੇਤਾ ਚੌਧਰੀ ਪਰਵੇਜ਼ ਇਲਾਹੀ ਦਾ ਸਮਰਥਨ ਕਰ ਰਹੀ ਹੈ।
ਬਾਗੀ ਆਗੂਆਂ ਨੇ ਵਧਾਈ ਵਿਰੋਧੀ ਧਿਰ ਦੀ ਮੁਸੀਬਤ
ਇਲਾਹੀ ਪੰਜਾਬ ਅਸੈਂਬਲੀ ਦੇ ਸਪੀਕਰ ਵੀ ਹਨ। ਪੀਐਮਐਲ-ਕਿਊ ਪੰਜਾਬ ਵਿੱਚ ਕੇਂਦਰ ਅਤੇ ਪੀਟੀਆਈ ਦੀ ਅਹਿਮ ਭਾਈਵਾਲ ਹੈ ਅਤੇ ਨੈਸ਼ਨਲ ਅਸੈਂਬਲੀ ਵਿੱਚ ਉਸ ਦੇ ਪੰਜ ਮੈਂਬਰ ਹਨ ਪਰ ਬਾਗੀ ਆਗੂਆਂ ਵੱਲੋਂ ਵਿਰੋਧੀ ਧਿਰ ਦਾ ਸਾਥ ਦੇਣ ਤੋਂ ਬਾਅਦ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਨੈਸ਼ਨਲ ਅਸੈਂਬਲੀ 'ਚ ਵੀ ਪ੍ਰੀਖਿਆ
ਇਸ ਦੇ ਨਾਲ ਹੀ ਇਮਰਾਨ ਖਾਨ ਨੂੰ ਅੱਜ ਨੈਸ਼ਨਲ ਅਸੈਂਬਲੀ 'ਚ ਵੀ ਪੇਸ਼ ਹੋਣਾ ਹੈ। ਬੇਭਰੋਸਗੀ ਮਤੇ 'ਤੇ ਅੱਜ ਵੋਟਿੰਗ ਹੋਣੀ ਹੈ। ਨੈਸ਼ਨਲ ਅਸੈਂਬਲੀ ਦੀਆਂ 342 ਸੀਟਾਂ ਹਨ। ਇਮਰਾਨ ਖਾਨ ਨੂੰ ਸਰਕਾਰ ਬਚਾਉਣ ਲਈ 172 ਵੋਟਾਂ ਦੀ ਲੋੜ ਪਵੇਗੀ। ਫਿਲਹਾਲ ਉਹ ਇਸ ਅੰਕੜੇ ਤੋਂ ਕਾਫੀ ਪਿੱਛੇ ਜਾਪ ਰਿਹਾ ਹੈ।
ਇਹ ਵੀ ਪੜ੍ਹੋ : ਅਡਾਨੀ ਦੀ ਦੌਲਤ ਨੇ ਤੋੜੇ ਰਿਕਾਰਡ! ਅੰਬਾਨੀ ਤੇ ਜ਼ੁਕਰਬਰਗ ਨੂੰ ਪਿੱਛੇ ਛੱਡਿਆ, ਦੁਨੀਆਂ ਦੇ ਟਾਪ-10 ਅਮੀਰਾਂ 'ਚ ਸ਼ਾਮਲ, ਜਾਣੋ ਕਿੰਨੀ ਦੌਲਤ