ਨਵੀਂ ਦਿੱਲੀ: ਕਾਰੋਬਾਰੀ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਦੀ ਜਾਇਦਾਦ 100 ਅਰਬ ਡਾਲਰ ਨੂੰ ਪਾਰ ਕਰ ਗਈ ਹੈ। ਇਸ ਨਾਲ ਉਹ ਜੈਫ ਬੇਜੋਸ ਤੇ ਐਲੋਨ ਮਸਕ ਦੇ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ।
ਭਾਰਤ ਦੇ ਉਦਯੋਗਪਤੀਆਂ ਦਾ ਡੰਕਾ ਭਾਰਤ ਤੋਂ ਬਾਹਰ ਏਸ਼ੀਆ ਤੇ ਪੂਰੀ ਦੁਨੀਆਂ 'ਚ ਵੱਜ ਰਿਹਾ ਹੈ। ਹੁਣ ਤੱਕ ਤੁਸੀਂ ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦਾ ਨਾਮ ਜ਼ਰੂਰ ਵੇਖਿਆ ਹੋਵੇਗਾ ਪਰ ਹੁਣ ਗੌਤਮ ਅਡਾਨੀ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇੰਨਾ ਹੀ ਨਹੀਂ ਗੌਤਮ ਅਡਾਨੀ ਦਾ ਨਾਂ ਵੀ ਦੁਨੀਆਂ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ।
ਅਰਬਪਤੀਆਂ ਦੀ ਸੂਚੀ 'ਚ ਹੋਏ ਸ਼ਾਮਲ
ਬਲੂਮਬਰਗ ਬਿਲੀਅਨਾਇਰਸ ਇੰਡੈਕਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੀ ਕੁੱਲ ਜਾਇਦਾਦ 100 ਅਰਬ ਡਾਲਰ ਨੂੰ ਪਾਰ ਕਰ ਗਈ ਹੈ। ਇਸ ਨਾਲ ਉਹ ਹੁਣ ਸੈਂਟੀਬਿਲੀਅਨਾਇਰਸ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ।
ਸੈਂਟੀਬਿਲੀਅਨਾਇਰਸ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਜਾਇਦਾਦ 100 ਅਰਬ ਡਾਲਰ ਤੋਂ ਉੱਪਰ ਹੋਵੇ। ਇਸ ਤਰ੍ਹਾਂ ਹੁਣ ਅਡਾਨੀ ਐਲੋਨ ਮਸਕ ਅਤੇ ਜੈਫ ਬੇਜੋਸ ਦੇ ਨਾਲ ਇਸ ਕਲੱਬ 'ਚ ਸ਼ਾਮਲ ਹੋ ਗਏ ਹਨ। ਅਡਾਨੀ ਇਸ ਕਲੱਬ 'ਚ ਸ਼ਾਮਲ ਹੋਣ ਵਾਲੇ ਦੂਜੇ ਭਾਰਤੀ ਕਾਰੋਬਾਰੀ ਹਨ। ਉਨ੍ਹਾਂ ਤੋਂ ਪਹਿਲਾਂ ਇਸ ਸੂਚੀ 'ਚ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ ਦਾ ਨਾਂਅ ਜੁੜ ਚੁੱਕਾ ਹੈ।
ਦੁਨੀਆਂ 'ਚ ਕੌਣ ਕਿਹੜੇ ਨੰਬਰ 'ਤੇ?
ਬਲੂਮਬਰਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਟੇਸਲਾ ਦੇ ਸੀਈਓ ਐਲੋਨ ਮਸਕ 273 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਤੋਂ ਬਾਅਦ ਐਮਾਜ਼ੋਨ ਦੇ ਜੈਫ ਬੇਜੋਸ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 188 ਅਰਬ ਡਾਲਰ ਹੈ। ਇਸ ਸੂਚੀ 'ਚ ਫ਼ਰਾਂਸ ਦੇ ਬਰਨਾਰਡ ਅਰਨੌਲਟ ਤੀਜੇ ਨੰਬਰ 'ਤੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 148 ਬਿਲੀਅਨ ਡਾਲਰ ਹੈ।
ਬਿੱਲ ਗੇਟਸ 133 ਬਿਲੀਅਨ ਡਾਲਰ ਨਾਲ ਚੌਥੇ, ਵਾਰੇਨ ਬਫੇਟ 127 ਬਿਲੀਅਨ ਡਾਲਰ ਨਾਲ ਪੰਜਵੇਂ, 125 ਬਿਲੀਅਨ ਡਾਲਰ ਨਾਲ ਲੈਰੀ ਪੇਜ ਛੇਵੇਂ, 119 ਬਿਲੀਅਨ ਡਾਲਰ ਨਾਲ ਸੱਤਵੇਂ ਨੰਬਰ 'ਤੇ ਸਰਗੇਈ ਬ੍ਰਿਨ, 108 ਬਿਲੀਅਨ ਡਾਲਰ ਨਾਲ ਸਟੀਵ ਬਾਲਮਰ ਅੱਠਵੇਂ, ਲੈਰੀ ਐਲੀਸਨ 103 ਬਿਲੀਅਨ ਡਾਲਰ ਨਾਲ ਨੌਵੇਂ ਨੰਬਰ 'ਤੇ ਹਨ। ਗੌਤਮ ਅਡਾਨੀ 100 ਅਰਬ ਡਾਲਰ ਦੇ ਨਾਲ 10ਵੇਂ ਨੰਬਰ 'ਤੇ ਹਨ। ਉਨ੍ਹਾਂ ਤੋਂ ਬਾਅਦ ਮੁਕੇਸ਼ ਅੰਬਾਨੀ 99 ਅਰਬ ਡਾਲਰ ਦੇ ਨਾਲ 11ਵੇਂ ਨੰਬਰ 'ਤੇ ਹਨ। ਫ਼ੇਸਬੁੱਕ ਦੇ ਮਾਰਕ ਜ਼ੁਕਰਬਰਗ 85 ਬਿਲੀਅਨ ਡਾਲਰ ਦੇ ਨਾਲ 12ਵੇਂ ਨੰਬਰ 'ਤੇ ਹਨ।
ਇਸ ਸਾਲ 24 ਬਿਲੀਅਨ ਡਾਲਰ ਵਧੀ ਜਾਇਦਾਦ
ਬਲੂਮਬਰਗ ਬਿਲੀਅਨਾਇਰਸ ਇੰਡੈਕਸ ਦੇ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ਇਸ ਸਾਲ 24 ਬਿਲੀਅਨ ਡਾਲਰ ਵਧੀ ਹੈ। ਅਡਾਨੀ ਇਸ ਸਾਲ ਦੁਨੀਆਂ ਦੇ ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲੇ ਕਾਰੋਬਾਰੀਆਂ ਵਿੱਚੋਂ ਇੱਕ ਹਨ। ਦੱਸ ਦੇਈਏ ਕਿ ਅਡਾਨੀ ਕਾਲਜ ਡ੍ਰਾਪਆਊਟ ਹਨ। ਪਿਛਲੇ 2 ਸਾਲਾਂ 'ਚ ਉਨ੍ਹਾਂ ਦੀ ਜਾਇਦਾਦ ਲਗਭਗ ਦੁੱਗਣੀ ਹੋ ਗਈ ਹੈ। ਗ੍ਰੀਨ ਐਨਰਜੀ ਨਾਲ ਸਬੰਧਤ ਉਨ੍ਹਾਂ ਦੀ ਕੰਪਨੀ ਦਾ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ।
ਇਹ ਵੀ ਪੜ੍ਹੋ : Gold Price Update: 4562 ਰੁਪਏ ਸਸਤਾ ਹੋਇਆ ਸੋਨਾ, ਹੁਣ 30,208 ਰੁਪਏ 'ਚ ਖਰੀਦੋ 10 ਗ੍ਰਾਮ