ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਬੇਸ਼ੱਕ ਉਹ ਵਿਦੇਸ਼ੀ ਸਾਜ਼ਿਸ਼ ਦਾ ਪੱਤਾ ਖੇਡ ਕੇ ਬੇਭਰੋਸਗੀ ਮਤੇ 'ਤੇ ਵੋਟਿੰਗ ਤੋਂ ਪਹਿਲਾਂ ਹੀ ਇਸ ਮਤੇ ਨੂੰ ਰੱਦ ਕਰਵਾਉਣ ਤੇ ਸੰਸਦ ਨੂੰ ਭੰਗ ਕਰਾਉਣ 'ਚ ਕਾਮਯਾਬ ਰਹੇ ਪਰ ਵਿਰੋਧੀ ਧਿਰ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਸੁਪਰੀਮ ਕੋਰਟ ਜਾ ਚੁੱਕੀ ਹੈ। ਹਰ ਕੋਈ ਇਸ ਮਾਮਲੇ 'ਚ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਕਰੀਬੀ ਫਰਹਤ ਸ਼ਹਿਜ਼ਾਦੀ ਦੀ ਜਾਇਦਾਦ ਚਾਰ ਗੁਣਾ ਵਧ ਗਈ ਹੈ।

 ਫਰਹਤ ਦੇ ਘਰ ਹੋਈ ਇਮਰਾਨ-ਬੁਸ਼ਰਾ ਦੀ ਰਿਸੈਪਸ਼ਨ ਪਾਰਟੀ  

ਰਿਪੋਰਟ ਮੁਤਾਬਕ ਇਮਰਾਨ ਖਾਨ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੇ ਤਿੰਨ ਸਾਲਾਂ 'ਚ ਫਰਹਤ ਸ਼ਹਿਜ਼ਾਦੀ ਤੇਜ਼ੀ ਨਾਲ ਵਧੀ। ਸ਼ਹਿਜ਼ਾਦੀ ਦੀ ਕੁੱਲ ਘੋਸ਼ਿਤ ਜਾਇਦਾਦ ਸਾਲ 2017 ਵਿੱਚ 231 ਮਿਲੀਅਨ ਰੁਪਏ ਸੀ, ਜੋ 2021 ਵਿੱਚ ਵਧ ਕੇ 971 ਮਿਲੀਅਨ ਰੁਪਏ ਹੋ ਗਈ। 2018 ਵਿੱਚ ਉਸ ਦੀ ਫਾਈਲਿੰਗ ਜ਼ੀਰੋ ਸੀ। ਫਰਹਤ ਸ਼ਹਿਜ਼ਾਦੀ ਨੂੰ ਫਰਾਹ ਗੁਰਜਰ ਜਾਂ ਫਰਾਹ ਖਾਨ ਵੀ ਕਿਹਾ ਜਾਂਦਾ ਹੈ। ਉਹ ਬੁਸ਼ਰਾ ਬੀਬੀ ਦੇ ਨਜ਼ਦੀਕੀ ਦੋਸਤਾਂ ਵਿੱਚੋਂ ਇੱਕ ਹੈ। ਬੁਸ਼ਰਾ ਲਈ ਉਹ ਕਿੰਨੀ ਖਾਸ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਰਾਹ ਦੇ ਘਰ ਇਮਰਾਨ ਖਾਨ ਤੇ ਬੁਸ਼ਰਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਹੋਈ।

ਇਮਰਾਨ ਦੇ ਸਾਬਕਾ ਸਹਿਯੋਗੀ ਨੇ ਲਾਏ ਗੰਭੀਰ ਦੋਸ਼
ਇਸ ਬਾਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਬਕਾ ਕਰੀਬੀ ਅਲੀਮ ਖਾਨ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਫਰਾਹ ਖਾਨ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਪੰਜਾਬ ਸੂਬੇ ਵਿੱਚ ਹਰ ਤਬਾਦਲੇ ਤੇ ਤਾਇਨਾਤੀ ਵਿੱਚ ਲੱਖਾਂ ਰੁਪਏ ਦਾ ਗਬਨ ਕੀਤਾ ਗਿਆ।

 ਕਈ ਸ਼ਹਿਰਾਂ ਵਿੱਚ ਖਰੀਦੀ ਗਈ ਜਾਇਦਾਦ  
ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਵੱਲੋਂ ਉਸਮਾਨ ਬੁਜ਼ਦਾਰ ਨੂੰ ਪੰਜਾਬ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕਰਨ ਤੋਂ ਬਾਅਦ ਫਰਾਹ ਖਾਨ ਦੀ ਕਿਸਮਤ ਬਦਲ ਗਈ। ਇਮਰਾਨ ਖਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ 2017 ਵਿੱਚ ਫਰਾਹ ਦੀ ਘੋਸ਼ਿਤ ਜਾਇਦਾਦ 231,635,297 ਰੁਪਏ (231 ਮਿਲੀਅਨ ਰੁਪਏ) ਸੀ। ਹਾਲਾਂਕਿ, ਇਮਰਾਨ ਖਾਨ ਦੀ ਸਰਕਾਰ ਦੇ ਪਹਿਲੇ ਤਿੰਨ ਸਾਲਾਂ ਵਿੱਚ ਫਰਾਹ ਨੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਜਾਇਦਾਦਾਂ ਖਰੀਦੀਆਂ ਅਤੇ ਕਰੋੜਾਂ ਦਾ ਨਿਵੇਸ਼ ਕੀਤਾ। ਉਸਨੇ ਕਈ ਕਾਰੋਬਾਰਾਂ ਵਿੱਚ ਨਿਵੇਸ਼ ਵੀ ਕੀਤਾ।
 
ਬਲੈਕ ਮਨੀ ਸਕੀਮ ਦਾ ਵੀ ਉਠਾਇਆ ਫਾਇਦਾ
ਦਸਤਾਵੇਜ਼ਾਂ ਦੇ ਅਨੁਸਾਰ ਫਰਾਹ ਖਾਨ ਨੇ ਵੀ ਇਮਰਾਨ ਖਾਨ ਦੀ ਸਰਕਾਰ ਦੌਰਾਨ 2019 ਵਿੱਚ ਬਲੈਕ ਮਨੀ ਸਕੀਮ (ਟੈਕਸ ਐਮਨੈਸਟੀ ਸਕੀਮ) ਦਾ ਫਾਇਦਾ ਉਠਾਇਆ ਅਤੇ ਟੈਕਸ ਐਮਨੈਸਟੀ ਸਕੀਮ 2019 ਦੇ ਤਹਿਤ 328 ਮਿਲੀਅਨ ਰੁਪਏ ਦੀ ਜਾਇਦਾਦ ਘੋਸ਼ਿਤ ਕੀਤੀ। ਦਸਤਾਵੇਜ਼ਾਂ ਦੇ ਅਨੁਸਾਰ ਫਰਾਹ ਖਾਨ ਨੇ ਇਮਰਾਨ ਦੇ ਕਾਰਜਕਾਲ ਦੌਰਾਨ ਲਾਹੌਰ ਅਤੇ ਇਸਲਾਮਾਬਾਦ ਵਿੱਚ ਕੁਝ ਆਲੀਸ਼ਾਨ ਜਾਇਦਾਦਾਂ ਖਰੀਦੀਆਂ, ਜਿਸ ਵਿੱਚ ਇਸਲਾਮਾਬਾਦ ਦੇ ਇੱਕ ਪੌਸ਼ ਸੈਕਟਰ ਵਿੱਚ ਇੱਕ ਵਿਲਾ ਵੀ ਸ਼ਾਮਲ ਹੈ। ਫਰਾਹ ਖਾਨ ਨੇ ਇਸਲਾਮਾਬਾਦ ਦੇ ਸੈਕਟਰ F-7/2 'ਚ 19.5 ਕਰੋੜ ਰੁਪਏ 'ਚ 933 ਵਰਗ ਗਜ਼ ਦਾ ਘਰ ਖਰੀਦਿਆ ਹੈ।