ਇਸਲਾਮਾਬਾਦ: ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਸਾਦੇ ਸਮਾਗਮ ਵਿੱਚ ਅਹੁਦੇ ਦੀ ਸਹੁੰ ਚੁਕਾਈ। ਇਮਰਾਨ ਖ਼ਾਨ ਨੂੰ ਪਾਕਿਸਤਾਨ ਦੇ ਨਵੇਂ ਸੰਸਦ ਮੈਂਬਰਾਂ ਨੇ ਕੱਲ੍ਹ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਸੀ।
ਆਮ ਚੋਣਾਂ ਵਿੱਚ 116 ਸੀਟਾਂ ਨਾਲ ਇਮਰਾਨ ਦੀ ਪਾਰਟੀ ਪੀਟੀਆਈ ਸਭ ਤੋਂ ਵੱਡੇ ਦਲ ਵਜੋਂ ਉੱਭਰ ਕੇ ਸਾਹਮਣੇ ਆਈ। ਬਾਅਦ ਵਿੱਚ 9 ਆਜ਼ਾਦ ਉਮੀਦਵਾਰਾਂ ਦੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਬਾਅਦ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ 125 ਹੋ ਗਈ ਸੀ।
ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਕੈਬਨਟਿ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਹਨ। ਇਮਰਾਨ ਖਾਨ ਨੇ ਨਿੱਜੀ ਸਬੰਧਾਂ ਦੇ ਆਧਾਰ ’ਤੇ ਸਿੱਧੂ, ਸੁਨੀਲ ਗਾਵਸਕਰ ਤੇ ਕਪਿਲ ਦੇਵ ਨੂੰ ਸੱਦਾ ਭੇਜਿਆ ਸੀ। ਹਾਲਾਂਕਿ, ਕਪਿਲ ਤੇ ਗਾਵਸਕਰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਇਸ ਸਮਾਗਮ ਵਿੱਚ ਇਮਰਾਨ ਖ਼ਾਨ ਦੀ ਪਤਨੀ ਨੇ ਵੀ ਸ਼ਿਰਕਤ ਕੀਤੀ।