ਟੋਰੌਂਟੋ: ਫਾਇਰ ਡਿਪਾਰਟਮੈਂਟ ਦੇ ਕਾਮਿਆਂ ਨੇ ਕਰੇਨ 'ਤੇ ਚੜ੍ਹੀ ਮਹਿਲਾ ਨੂੰ ਸੁਰਖਿਅਤ ਬਚਾ ਲਿਆ ਹੈ। ਇਹ ਮਹਿਲਾ 14 ਮੰਜ਼ਲੀ ਕਰੇਨ 'ਤੇ ਚੜ੍ਹ ਗਈ ਸੀ। ਫਿਰ ਇਹ ਮਹਿਲਾ ਕਰੇਨ ਆਪਰੇਟਰ ਦੇ ਕੈਬਿਨ ਵਿੱਚ ਦਾਖਲ ਹੋ ਗਈ ਸੀ। ਘਟਨਾ ਟੋਰੌਂਟੋ ਡਾਊਨਟਾਊਨ ਵਿੱਚ ਵਾਪਰੀ। ਐਮਰਜੈਂਸੀ ਦਸਤਿਆਂ ਨੂੰ ਡੈਨ ਲੈਕੀ ਵੇਅ ਤੇ ਲੇਕ ਸ਼ੋਰ ਬੁਲੇਵਾਰਡ ਵੈਸਟ ਕੋਲ ਸ਼ਾਮ ਕਰੀਬ 6.30 ਵਜੇ, ਉਸਾਰੀ ਅਧੀਨ ਇਲਾਕੇ ਵਿੱਚ ਸੱਦਿਆ ਗਿਆ।
ਮਹਿਲਾ ਨੂੰ ਮੁੜ ਜ਼ਮੀਨ 'ਤੇ ਲਿਆਉਣ ਲਈ ਐਮਰਜੈਂਸੀ ਦਸਤਿਆਂ ਨੂੰ ਕਰੀਬ ਦੋ ਘੰਟੇ ਦਾ ਸਮਾਂ ਲੱਗਿਆ। ਅਧਿਕਾਰੀਆਂ ਦਾ ਕਹਿਣਾ ਸੀ ਕਿ ਮਹਿਲਾ ਨੇ ਕਰੇਨ ਦੇ ਕੈਬਿਨ ਵਾਲੇ ਹਿੱਸੇ ਨੂੰ ਕੁਝ ਨੁਕਸਾਨ ਵੀ ਪਹੁੰਚਾਇਆ। ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਸ ਨੂੰ ਹਸਪਤਾਲ ਲੈ ਕੇ ਗਏ।
ਮਹਿਲਾ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ ਤੇ ਉਸ 'ਤੇ ਕੋਈ ਧਾਰਾ ਲੱਗੇਗੀ ਜਾਂ ਨਹੀਂ, ਇਸ 'ਤੇ ਵੀ ਤਸਵੀਰ ਸਾਫ ਨਹੀਂ ਹੋ ਸਕੀ। ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ, ਮਹਿਲਾ ਨੇ ਉੱਤੇ ਚੜ੍ਹਦੇ ਹੋਏ ਕਿਸੇ ਕਿਸਮ ਦੀ ਸੇਫਟੀ ਨਹੀਂ ਵਰਤੀ ਸੀ। ਇਸੇ ਕਾਰਨ ਉਸਦੀ ਜਾਨ ਨੂੰ ਖਤਰਾ ਬਣਿਆ ਹੋਇਆ ਸੀ।