ਨਿਊਯਾਰਕ: ਅਮਰੀਕਾ ’ਤੇ ਭਾਰਤੀ ਮੂਲ ਦੇ ਰੈਸਟੋਰੈਂਟ ਦੇ ਮਾਲਕ ’ਤੇ ਨਸਲੀ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੈਸਟੋਰੈਂਟ ’ਚ ਆਏ ਗਾਹਕ ਤੇ ਉਸ ਦੇ ਪਰਿਵਾਰ ਦਾ ਭਾਰਤੀ ਰੀਤੀ-ਰਿਵਾਜ਼ਾਂ ਨਾਲ ਸਵਾਗਤ ਕੀਤਾ ਗਿਆ ਸੀ। ਖਾਣਾ ਖਾਣ ਬਾਅਦ ਗਾਹਕ ਨੇ ਰੈਸਟੋਰੈਂਟ ਦੀ ਤਸਵੀਰ ਵੀ ਲਈ ਪਰ ਬਾਅਦ ਵਿੱਚ ਉਸ ਨੇ ਰੈਸਟੋਰੈਂਟ ਦੀ ਫੋਟੋ ਨੂੰ ਫੇਸਬੁੱਕ ’ਤੇ ਟੈਗ ਕਰਦਿਆਂ ਲਿਖ ਦਿੱਤਾ ਕਿ ਸ਼ਾਇਦ ਮੈਂ ਅਲਕਾਇਦਾ ਨੂੰ ਪੈਸੇ ਦੇ ਰਿਹਾ ਹਾਂ।


ਐਸ਼ਲੈਂਡ ਵਿੱਚ ਕਿੰਗਜ਼ ਡਿਨਰ ਦੇ ਨਾਂ ਦੇ ਰੈਸਟੋਰੈਂਟ ਚਲਾਉਣ ਵਾਲੇ ਤਾਜ ਸਰਦਾਰ ਨੇ ਦੱਸਿਆ ਕਿ ਅਮਰੀਕੀ ਬੰਦੇ ਦੀ ਇਹ ਟਿੱਪਣੀ ਪੜ੍ਹਨ ਬਾਅਦ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ। ਸਰਦਾਰ ਨੇ ਦੱਸਿਆ ਕਿ ਉਹ 2010 ਤੋਂ ਐਸ਼ਲੈਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਉਮੀਦ ਜਤਾਈ ਕਿ ਉਸ ਵਿਅਕਤੀ ਦੇ ਸਾਥੀ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੇ।

ਫੇਸਬੁੱਕ ’ਤੇ ਨਸਲੀ ਟਿੱਪਣੀ ਹੋਣ ਬਾਅਦ ਤਾਜ ਸਰਦਾਰ ਨੂੰ ਕਾਫੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਐਸ਼ਲੈਂਡ ਦੇ ਮੇਅਰ ਸਟੀਵ ਗਿਲਮੋਰ ਨੇ ਤਿੰਨ ਸਿਟੀ ਕਮਿਸ਼ਨਰਾਂ ਨਾਲ ਰੈਸਟੋਰੈਂਟ ਦਾ ਦੌਰਾ ਕੀਤਾ ਤੇ ਕਿਹਾ ਕਿ ਸ਼ਹਿਰ ਵਿੱਚ ਨਸਲੀ ਵਤੀਰਾ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ।

ਸੂਤਰਾਂ ਮੁਤਾਬਕ ਨਸਲੀ ਟਿੱਪਣੀ ਕਰਨ ਵਾਲੇ ਸ਼ਖਸ ਨੂੰ ਉਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਹ ਕਿਸੇ ਐਂਬੂਲੈਂਸ ਸਰਵਿਸ ਲਈ ਕੰਮ ਕਰਦਾ ਸੀ। ਉਸ ਦੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਉਸ ਵੱਲੋਂ ਕੀਤੀ ਟਿੱਪਣੀ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਤੇ ਉਨ੍ਹਾਂ ਦੀ 650 ਮੈਂਬਰਾਂ ਦੀ ਟੀਮ ਨੇ ਉਸ ਲਈ ਸਰਦਾਰ ਤੋਂ ਮੁਆਫੀ ਮੰਗੀ ਹੈ।