ਆਕਲੈਂਡ: ਇੱਥੋਂ ਦੀ ਸਰਕਾਰ ਨੇ ਵਿਦੇਸ਼ੀਆਂ ਦੇ ਘਰ ਖਰੀਦਣ 'ਤੇ ਇਹ ਕਹਿੰਦਿਆਂ ਪਾਬੰਦੀ ਲਾ ਦਿੱਤੀ ਹੈ ਕਿ ਸਾਡੇ ਆਪਣੇ ਨਾਗਰਿਕ ਕਿਰਾਏ 'ਤੇ ਰਹਿਣ ਲਈ ਮਜ਼ਬੂਰ ਹਨ। ਫਾਇਨਾਂਸ ਦੇ ਐਸੋਸੀਏਟ ਮੰਤਰੀ ਡੇਵਿਡ ਪਾਰਕਰ ਨੇ ਕਿਹਾ ਕਿ ਇਸ ਪਾਬੰਦੀ ਦਾ ਸਿੱਧਾ ਅਰਥ ਹੋਵੇਗਾ ਕਿ ਸਥਾਨਕ ਲੋਕਾਂ ਲਈ ਰਿਹਾਇਸ਼ ਵਧੇਗੀ ਤੇ ਸਸਤੀ ਹੋਵੇਗੀ।


'ਦ ਗਾਰਡੀਅਨ' ਨੂੰ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 'ਚ ਘਰ ਤੇ ਫਾਰਮ ਹਊਸ ਖਰੀਦਣ ਦਾ ਅਧਿਕਾਰ ਵਿਦੇਸ਼ੀ ਖਰੀਦਦਾਰਾਂ ਕੋਲ ਨਹੀਂ ਹੋਣਾ ਚਾਹੀਦਾ। ਦਰਅਸਲ ਨਿਊਜ਼ੀਲੈਂਡ 'ਚ ਸੈਂਕੜੇ ਲੋਕ ਤੰਬੂਆਂ ਤੇ ਗੈਰਾਜਾਂ 'ਚ ਰਹਿਣ ਲਈ ਮਜਬੂਰ ਹਨ।



ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਰਲੀਮੈਂਟ 'ਚ ਬੋਲਦਿਆਂ ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੇ ਸਥਾਨਕ ਵੋਕਾਂ ਚੋਂ ਇਕ ਚੌਥਾਈ ਬਾਲਗਾਂ ਕੋਲ ਸਿਰਫ ਆਪਣੇ ਘਰ ਹਨ ਜੋ ਕਿ 1991 ਦੇ ਮੁਕਾਬਲੇ ਅੱਧਾ ਅੰਕੜਾ ਹੈ। ਪਿਛਲੇ ਪੰਜ ਸਾਲਾਂ 'ਚ ਨਿਊਜ਼ੀਲੈਂਡ ਚ ਬੇਘਰਿਆਂ ਦਾ ਅੰਕੜਾ ਵਧਿਆ ਹੈ ਤੇ ਲੋਕ ਕਾਰਾਂ, ਗੈਰਾਜਾਂ ਤੇ ਪੁਲਾਂ ਥੱਲੇ ਰਹਿ ਰਹੇ ਹਨ।


ਇਕ ਅਰਥ ਸ਼ਾਸਤਰੀ ਵੱਲੋਂ 2017 'ਚ ਪੇਸ਼ ਕੀਤੀ ਰਿਪੋਰਟ ਮੁਤਾਬਕ ਨਿਊਜ਼ੀਲੈਂਡ 'ਚ ਪੂਰੇ ਵਿਸ਼ਵ ਦੇ ਮੁਕਾਬਲੇ ਘਰ ਮਹਿੰਗੇ ਹਨ। ਪਿਛਲੇ ਚਾਰ ਸਾਲਾਂ 'ਚ ਆਕਲੈਂਡ 'ਚ ਘਰਾਂ ਦੀਆਂ ਕੀਮਤਾਂ 'ਚ 75 ਫੀਸਦੀ ਵਾਧਾ ਹੋਇਆ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ 'ਚ ਇਸ 'ਚ ਗਿਰਾਵਟ ਆਈ ਹੈ।


ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਲਾਈ ਪਾਬੰਦੀ ਸਿੰਗਾਪੁਰ ਤੇ ਆਸਟਰੇਲੀਆ ਦੇ ਖਰੀਦਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਖਰੀਦਦਾਰਾਂ 'ਤੇ ਲਾਗੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ 'ਚ ਚੀਨੀ, ਆਸਟਰੇਲੀਅਨ ਤੇ ਏਸ਼ੀਅਨ ਖਰੀਦਦਾਰ ਸ਼ਾਂਤੀ ਪੂਰਵਕ ਏਰੀਆ ਹੋਣ ਕਰਕੇ ਸਭ ਤੋਂ ਰਹਿਣ ਲਈ ਤਰਜੀਹ ਦਿੰਦੇ ਹਨ।