ਨਵੀਂ ਦਿੱਲੀ: ਪਾਕਿਸਤਾਨ ਹੇਠਲੇ ਕਸ਼ਮੀਰ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਵਿੱਚ ਹੱਲਚਲ ਵਧ ਗਈ ਹੈ। ਗੁਆਂਢੀ ਦੇਸ਼ ਨੂੰ ਹੁਣ ਭਾਰਤ ਦੇ ਪਰਮਾਣੂ ਹਥਿਆਰ ਤੋਂ ਵੀ ਡਰ ਲੱਗਣ ਲੱਗਿਆ ਹੈ। ਰਾਜਨਾਥ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਨੀਆ ਕੋਲ ਮਦਦ ਦੀ ਗੁਹਾਰ ਕੀਤੀ ਹੈ। ਇਮਰਾਨ ਖ਼ਾਨ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਅੰਤਰਾਸ਼ਟਰੀ ਸੰਗਠਨ ਤੋਂ ਇਸ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।


ਇਮਰਾਨ ਖ਼ਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਫਾਸ਼ੀਵਾਦ ਤੇ ਫਿਰਕੂ ਹਿੰਦੂ ਸੋਚ ਵਾਲੀ ਮੋਦੀ ਸਰਕਾਰ ਦੇ ਕੰਟਰੋਲ ‘ਚ ਭਾਰਤ ਦੇ ਪਰਮਾਣੂ ਹਥਿਆਰ ਦੀ ਸੁਰੱਖਿਆ ‘ਤੇ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਇਮਰਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਨੂੰ ਦੁਹਰਾਇਆ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਪੀਓਕੇ ਤੇ ਅਕਸਾਈ ਚੀਨ ਕਸ਼ਮੀਰ ਦਾ ਹਿੱਸਾ ਹੈ। ਖ਼ਾਨ ਨੇ ਸਿਲਸਿਲੇਵਾਰ ਟਵੀਟ ਕਰ ਕਿਹਾ ਕਿ ਭਾਰਤ ‘ਚ ਮੁਸਲਮਾਨਾਂ ਨੂੰ ਚੋਣ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਤੇ ਆਰਐਸਐਸ ਦੇ ਗੁੰਡੇ ਗੜਬੜ ਮਚਾ ਰਹੇ ਹਨ।


ਪਾਕਿਸਤਾਨ ਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ‘ਤੇ ਬੈਨ ਲਾਉਣ ਲਈ ਪੂਰੀ ਦੁਨੀਆ ਦੇ ਨੇਤਾਵਾਂ ਨਾਲ ਸੰਪਰਕ ਕੀਤਾ ਸੀ ਪਰ ਇਸ ਮਾਮਲੇ ‘ਚ ਉਸ ਨੂੰ ਸਿਰਫ ਚੀਨ ਦੀ ਹਮਾਇਤ ਮਿਲੀ ਸੀ। ਦੱਸ ਦਈਏ ਕਿ ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਗੱਲਬਾਤ ਉੱਦੋਂ ਤਕ ਮੁਮਕਿਨ ਨਹੀਂ ਹੈ ਜਦੋਂ ਤਕ ਉਹ ਅੱਤਵਾਦ ਦਾ ਸਾਥ ਦੇਣਾ ਤੇ ਉਸ ਨੂੰ ਵਧਾਵਾ ਦੇਣਾ ਬੰਦ ਨਹੀਂ ਕਰਦਾ। ਸਿੰਘ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਸਿਰਫ ਪੀਓਕੇ ‘ਤੇ ਹੋਵੇਗੀ।