ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਵਿਦੇਸ਼ੀ ਸਾਜ਼ਿਸ਼ ਪੱਤਰ 'ਤੇ ਯੂ-ਟਰਨ ਲੈ ਲਿਆ ਹੈ। ਇਸ ਤੋਂ ਪਹਿਲਾਂ ਪੱਤਰ ਦਿਖਾਉਂਦੇ ਹੋਏ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਹਟਾਉਣ ਲਈ ਅਮਰੀਕਾ ਤੇ ਦੇਸ਼ ਦੇ ਵਿਰੋਧੀ ਧਿਰਾਂ ਨੇ ਹੱਥ ਮਿਲਾਇਆ ਹੈ। ਇਸ ਦੇ ਨਾਲ ਹੀ ਇਮਰਾਨ ਨੇ ਆਪਣੇ ਬਿਆਨ 'ਤੇ ਯੂ-ਟਰਨ ਲੈਂਦਿਆਂ ਕਿਹਾ ਕਿ ਉਹ ਕਿਸੇ ਦੇਸ਼ ਦੇ ਖਿਲਾਫ਼ ਨਹੀਂ ਹਨ।

ਦਰਅਸਲ, ਇਮਰਾਨ ਖਾਨ ਨੇ ਬੀਤੇ ਦਿਨ ਕਰਾਚੀ 'ਚ ਰੈਲੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਭਾਰਤ, ਯੂਰਪ ਜਾਂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਦੇ ਖਿਲਾਫ ਨਹੀਂ ਹਨ। ਤੁਹਾਨੂੰ ਦੱਸ ਦਈਏ ਇਮਰਾਨ ਖਾਨ ਨੇ ਹਮੇਸ਼ਾ ਹੀ ਗਲੋਬਲ ਪਲੇਟਫਾਰਮ 'ਤੇ ਤਿੰਨਾਂ ਦੇਸ਼ਾਂ ਦੀ ਕਾਫੀ ਆਲੋਚਨਾ ਕੀਤੀ ਹੈ।

ਮੈਂ ਭਾਰਤ ਵਿਰੋਧੀ ਨਹੀਂ: ਇਮਰਾਨ ਖਾਨ
ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਇਹ ਵੀ ਕਿਹਾ ਕਿ ਉਹ ਮਨੁੱਖਤਾ ਦੇ ਨਾਲ ਹਨ। ਉਨ੍ਹਾਂ ਕਿਹਾ, "ਮੈਂ ਕਿਸੇ ਦੇਸ਼ ਦੇ ਖਿਲਾਫ ਨਹੀਂ ਹਾਂ। ਮੈਂ ਨਾ ਭਾਰਤ ਵਿਰੋਧੀ ਹਾਂ, ਨਾ ਯੂਰਪ ਵਿਰੋਧੀ, ਨਾ ਹੀ ਅਮਰੀਕਾ ਵਿਰੋਧੀ। ਮੈਂ ਮਨੁੱਖਤਾ ਦੇ ਨਾਲ ਹਾਂ। ਮੈਂ ਕਿਸੇ ਵੀ ਭਾਈਚਾਰੇ ਦੇ ਵਿਰੁੱਧ ਨਹੀਂ ਹਾਂ।"

ਪਾਰਟੀ ਵਰਕਰਾਂ ਨੇ ਦੇਸ਼ ਭਰ ਵਿੱਚ ਕੀਤਾ ਸੀ ਪ੍ਰਦਰਸ਼ਨ  
ਦੱਸ ਦਈਏ ਕਿ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ਵਿਦੇਸ਼ੀ ਸਾਜ਼ਿਸ਼ ਤਹਿਤ ਅਮਰੀਕਾ ਖਿਲਾਫ ਦੇਸ਼ ਭਰ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਹਨ।


 ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ 342 ਮੈਂਬਰੀ ਸਦਨ 'ਚ 172 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਬੇਭਰੋਸਗੀ ਮਤੇ ਦੇ ਹੱਕ ਵਿੱਚ 174 ਵੋਟਾਂ ਪਈਆਂ। ਵੋਟਿੰਗ ਤੋਂ ਬਾਅਦ ਸਦਨ ਵਿੱਚ ਵਿਰੋਧੀ ਪਾਰਟੀਆਂ ਨੇ ਜੱਫੀ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਨਾਅਰੇਬਾਜ਼ੀ ਕੀਤੀ। 
 
ਵਿਰੋਧੀ ਪਾਰਟੀਆਂ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਅਤੇ ਸੱਤਾਧਾਰੀ ਗੱਠਜੋੜ ਦੇ ਕੁਝ ਸਹਿਯੋਗੀਆਂ ਦੇ ਅਸਹਿਮਤਾਂ ਦੀ ਮਦਦ ਨਾਲ ਬਹੁਤ ਜ਼ਿਆਦਾ ਸਮਰਥਨ ਹਾਸਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ।