ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਕਸ਼ਮੀਰ ਮੁੱਦੇ 'ਤੇ ਆਪਣੇ ਦੇਸ਼ ਨੂੰ ਸੰਬੋਧਨ ਕਰਨਗੇ। ਇਮਰਾਨ ਖ਼ਾਨ ਦੀ ਵਿਸ਼ੇਸ਼ ਸੂਚਨਾ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਇਸ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।


ਸਥਾਨਕ ਅਖ਼ਬਾਰ ਦੀ ਖ਼ਬਰ ਮੁਤਾਬਕ ਫਿਰਦੌਸ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਆਉਂਦੀ 27 ਸਤੰਬਰ ਨੂੰ ਯੂਐਨ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਨਗੇ, ਜਿਸ ਸਬੰਧੀ ਦੇਸ਼ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਬੀਤੀ ਪੰਜ ਅਗਸਤ ਨੂੰ ਕਸ਼ਮੀਰ ਦਾ ਪੁਨਰਗਠਨ ਕਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦੀ ਸੰਵਿਧਾਨ ਦੀ ਧਾਰਾ 370 ਨੂੰ ਨਕਾਰਾ ਕਰ ਦਿੱਤਾ ਸੀ।

ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਵਪਾਰਕ ਤੋਂ ਲੈ ਕੇ ਸੱਭਿਆਚਾਰਕ ਰਿਸ਼ਤੇ ਖ਼ਤਮ ਕਰ ਲਏ ਸਨ। ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਦੇਸ਼ ਨੂੰ ਇਸ ਮਸਲੇ 'ਤੇ ਸੰਬੋਧਨ ਕਰਨ ਜਾ ਰਹੇ ਹਨ ਤਾਂ ਕੁਝ ਵੱਡਾ ਬਿਆਨ ਵੀ ਸਾਹਮਣੇ ਆ ਸਕਦਾ ਹੈ। ਖ਼ਾਨ ਪਹਿਲਾਂ ਹੀ ਭਾਰਤ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਹੁਣ ਇਹ ਵੀ ਖ਼ਬਰਾਂ ਆਈਆਂ ਹਨ ਕਿ ਮਕਬੂਜ਼ਾ ਕਸ਼ਮੀਰ ਵਿੱਚ ਪਾਕਿਸਤਾਨ ਦੀਆਂ ਫ਼ੌਜੀ ਗਤੀਵਿਧੀਆਂ ਵੱਧ ਰਹੀਆਂ ਹਨ।