Trump on Ceasefire: ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਸਬੰਧਾਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਭਾਰਤ ਦੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਜ਼ਬਰਦਸਤੀ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਨੂੰ ਸੁਲਝਾਉਣ ਲਈ ਜ਼ਬਰਦਸਤੀ ਸਰਪੰਚ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਸਾਊਦੀ ਅਰਬ ਵਿੱਚ ਇੱਕ ਸੰਬੋਧਨ ਦੌਰਾਨ, ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਹੋਈ ਜੰਗਬੰਦੀ ਨੂੰ ਆਪਣੀ ਸਰਕਾਰ ਦੀ ਸ਼ਾਂਤੀ ਸਥਾਪਤ ਕਰਨ ਵਾਲੀ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਕੱਠੇ ਡਿਨਰ 'ਤੇ ਜਾਣਾ ਚਾਹੀਦਾ ਹੈ ਤਾਂ ਜੋ ਤਣਾਅ ਹੋਰ ਘਟਾਇਆ ਜਾ ਸਕੇ। 

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਪਾਕਿਸਤਾਨ ਨਾਲ ਸਿਰਫ਼ ਪੀਓਕੇ ਅਤੇ ਅੱਤਵਾਦ 'ਤੇ ਹੀ ਗੱਲਬਾਤ ਹੋਵੇਗੀ ਅਤੇ ਅਸੀਂ ਕਿਸੇ ਹੋਰ ਦੀ ਵਿਚੋਲਗੀ ਸਵੀਕਾਰ ਨਹੀਂ ਕਰਦੇ।

ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਟੇਸਲਾ ਦੇ ਸੀਈਓ ਐਲੋਨ ਮਸਕ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਹਾਜ਼ਰੀ ਵਿੱਚ ਅਮਰੀਕਾ-ਸਾਊਦੀ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ, ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਸੰਭਾਵੀ ਪ੍ਰਮਾਣੂ ਯੁੱਧ ਨੂੰ ਟਾਲਣ ਵਿੱਚ ਮੁੱਖ ਭੂਮਿਕਾ ਨਿਭਾਈ।

ਰਾਸ਼ਟਰਪਤੀ ਟਰੰਪ ਨੇ ਕਿਹਾ, "ਕੁਝ ਦਿਨ ਪਹਿਲਾਂ ਹੀ ਮੇਰੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਇਤਿਹਾਸਕ ਜੰਗਬੰਦੀ ਕਰਵਾਈ। ਅਸੀਂ ਇਸ ਵਿੱਚ ਵਪਾਰ ਨੂੰ ਇੱਕ ਹਥਿਆਰ ਵਜੋਂ ਵਰਤਿਆ। ਮੈਂ ਕਿਹਾ, ਦੋਸਤੋ, ਆਓ ਕੁਝ ਵਪਾਰ ਕਰੀਏ।  ਉਨ੍ਹਾਂ ਅੱਗੇ ਕਿਹਾ, "ਦੋਵਾਂ ਦੇਸ਼ਾਂ ਕੋਲ ਬਹੁਤ ਮਜ਼ਬੂਤ ​​ਅਤੇ ਸਿਆਣੇ ਨੇਤਾ ਹਨ ਅਤੇ ਇਹ ਸਭ ਰੁਕ ਗਿਆ। ਉਮੀਦ ਹੈ ਕਿ ਇਹ ਇਸੇ ਤਰ੍ਹਾਂ ਰਹੇਗਾ।"

ਭਾਰਤ ਸਰਕਾਰ ਨੇ ਇੱਕ ਵਾਰ ਫਿਰ ਟਰੰਪ ਦੇ ਇਨ੍ਹਾਂ ਬਿਆਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਪੂਰੀ ਤਰ੍ਹਾਂ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMO) ਵਿਚਕਾਰ ਆਪਸੀ ਗੱਲਬਾਤ ਦਾ ਨਤੀਜਾ ਹੈ। ਇਸ ਵਿੱਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਸੀ।