ਨਵੀਂ ਦਿੱਲੀ: ਪਾਕਿਸਤਾਨ ਵੱਲੋਂ ਕਰਤਾਰਪੁਰ ਕੌਰੀਡੋਰ ਦਾ ਨਿਰਮਾਣ 80 ਫ਼ੀਸਦ ਪੂਰਾ ਹੋਣ ਦੇ ਦਾਅਵੇ ਤੋਂ ਬਾਅਦ ਭਾਰਤ ਨੇ ਵੀ ਕਿਹਾ ਹੈ ਕਿ ਉਹ ਗਲਿਆਰੇ ਦਾ ਨਿਰਮਾਣ ਜਲਦ ਕਰਵਾਉਣ ਲਈ ਵਚਨਬੱਧ ਹੈ। ਕੇਂਦਰ ਸਰਕਾਰ ਦੀ ਕੋਸ਼ਿਸ਼ ਹੈ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੌਰੀਡੋਰ ਦਾ ਨਿਰਮਾਣ ਕੀਤਾ ਜਾਵੇ।


ਪਾਕਿਸਤਾਨ ਵੱਲੋਂ ਕੌਰੀਡੋਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਤਕ ਪੂਰਾ ਕਰਨ ਦੇ ਦਾਅਵੇ ਮਗਰੋਂ ਹੁਣ ਭਾਰਤ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਕੌਰੀਡੋਰ ਦਾ ਕੰਮ 31 ਅਕਤੂਬਰ ਤਕ ਪੂਰਾ ਹੋ ਜਾਵੇਗਾ। ਪੂਰੇ ਪ੍ਰਾਜੈਕਟ 'ਤੇ 500 ਕਰੋੜ ਰੁਪਏ ਦਾ ਖਰਚਾ ਆਵੇਗਾ। ਭਾਰਤ ਵਾਲੇ ਪਾਸੇ ਹਾਈਵੇਅ ਦਾ ਨਿਰਮਾਣ 60% ਤਕ ਪੂਰਾ ਹੋ ਗਿਆ ਹੈ ਅਤੇ ਯਾਤਰੀ ਟਰਮੀਨਲ ਦੇ ਨਾਲ-ਨਾਲ ਬਾਕੀ ਕੰਮ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਮਨਾਇਆ ਜਾਵੇਗਾ।


ਗਲਿਆਰੇ ਬਾਰੇ ਹਾਲੇ ਵੀ ਦੋਵੇਂ ਦੇਸ਼ਾਂ ਵਿੱਚ ਮੱਤਭੇਦ ਹਨ। ਰਾਵੀ ਦਰਿਆ ਵਿੱਚ ਹੜ੍ਹਾਂ ਦੇ ਖ਼ਤਰੇ ਕਰਕੇ ਭਾਰਤ ਉੱਚੀ ਯਾਨੀ ਕਿ ਪੁਲਨੁਮਾ ਸੜਕ ਉਸਾਰਨ ਦੀ ਮੰਗ ਕਰ ਰਿਹਾ ਹੈ, ਜਦਕਿ ਪਾਕਿਸਤਾਨ ਨੇ ਪੱਕੀ ਸੜਕ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ 14 ਜੁਲਾਈ ਨੂੰ ਭਾਰਤ ਤੇ ਪਾਕਿਸਤਾਨ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਤੇ ਸ਼ਰਤਾਂ ਤੈਅ ਕਰਨ ਲਈ ਮਿਲਣਗੇ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਯਾਤਰਾ ਦੀ ਰੂਪਰੇਖਾ ਬਾਰੇ ਵੀ ਵਿਚਾਰ ਵਟਾਂਦਰਾ ਹੋ ਸਕਦਾ ਹੈ।