Syria Civil War: ਸੀਰੀਆ ਤੋਂ ਬਾਗੀ ਬਲਾਂ ਵੱਲੋਂ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਬੇਦਖਲ ਕਰਨ ਤੋਂ ਦੋ ਦਿਨ ਬਾਅਦ ਭਾਰਤ ਨੇ ਮੰਗਲਵਾਰ (10 ਦਸੰਬਰ) ਨੂੰ ਆਪਣੇ 75 ਨਾਗਰਿਕਾਂ ਨੂੰ ਕੱਢ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ, ਦਮਿਸ਼ਕ ਅਤੇ ਬੇਰੂਤ ਵਿੱਚ ਭਾਰਤੀ ਦੂਤਾਵਾਸਾਂ ਨੇ ਨਿਕਾਸੀ ਪ੍ਰਕਿਰਿਆ ਵਿੱਚ ਤਾਲਮੇਲ ਕੀਤਾ।


ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਭਾਰਤ ਸਰਕਾਰ ਨੇ ਹਾਲ ਹੀ ਵਿੱਚ ਹੋਏ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੀਰੀਆ ਤੋਂ 75 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ।" ਇਸ ਵਿੱਚ ਕਿਹਾ ਗਿਆ ਹੈ, "ਜਿਨ੍ਹਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ 44 ਸ਼ਰਧਾਲੂ ਸ਼ਾਮਲ ਹਨ ਜੋ ਸਈਦਾ ਜ਼ੈਨਬ ਵਿੱਚ ਫਸੇ ਹੋਏ ਸਨ। ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਢੰਗ ਨਾਲ ਲੇਬਨਾਨ ਪਹੁੰਚ ਗਏ ਹਨ ਅਤੇ ਉਪਲਬਧ ਵਪਾਰਕ ਉਡਾਣਾਂ ਰਾਹੀਂ ਭਾਰਤ ਪਰਤਣਗੇ।"


ਵਿਦੇਸ਼ ਮੰਤਰਾਲੇ ਨੇ ਆਖੀ ਆਹ ਗੱਲ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਇਸ ਵਿੱਚ ਕਿਹਾ ਗਿਆ ਹੈ, "ਸੀਰੀਆ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਦਮਿਸ਼ਕ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।" ਵਿਦੇਸ਼ ਮੰਤਰਾਲੇ ਨੇ ਕਿਹਾ, "ਸਰਕਾਰ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੇਗੀ।"


ਉੱਥੇ ਹੀ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਵਰਕਰਾਂ ਨੇ ਸੀਰੀਆ ਦੀ ਸਥਿਤੀ ਨੂੰ ਅਰਾਜਕ ਅਤੇ ਅਸਥਿਰ ਦੱਸਿਆ ਅਤੇ ਕਿਹਾ ਕਿ ਦੇਸ਼ ਦੇ 16 ਮਿਲੀਅਨ ਤੋਂ ਵੱਧ ਲੋਕਾਂ ਨੂੰ ਮਦਦ ਦੀ ਲੋੜ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ (ਓਸੀਐਚਏ) ਨੇ ਸੋਮਵਾਰ ਨੂੰ ਕਿਹਾ ਕਿ 28 ਨਵੰਬਰ ਤੋਂ 8 ਦਸੰਬਰ ਤੱਕ, ਇਕੱਲੇ ਪੱਛਮ ਅਤੇ ਉੱਤਰ-ਪੱਛਮ ਵਿਚ 10 ਲੱਖ ਲੋਕ ਆਪਣੇ ਘਰਾਂ ਤੋਂ ਬੇਘਰ ਹੋਏ ਹਨ।


ਦਫ਼ਤਰ ਨੇ ਕਿਹਾ ਕਿ ਹਾਲ ਹੀ ਵਿੱਚ ਘਰ ਤੋਂ ਬੇਘਰ ਹੋਏ ਲੋਕਾਂ ਵਿੱਚ ਮੁੱਖ ਤੌਰ 'ਤੇ ਅਲੇਪੋ, ਹਾਮਾ, ਹੋਮਸ ਅਤੇ ਇਦਲਿਬ ਸੂਬਿਆਂ ਦੀਆਂ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸਥਿਤੀ ਬਹੁਤ ਅਸਥਿਰ ਹੈ, ਜਿਸ ਕਾਰਨ ਲੋਕਾਂ, ਸਾਮਾਨ ਅਤੇ ਮਨੁੱਖੀ ਸਹਾਇਤਾ ਦੀ ਆਵਾਜਾਈ ਸੀਮਤ ਹੋ ਗਈ ਹੈ।



ਸੀਰੀਆ ਦੇ ਬਾਗੀ ਸਮੂਹਾਂ ਨੇ ਲਾਜ਼ਮੀ ਸੇਵਾ ਲਈ ਭਰਤੀ ਕੀਤੇ ਗਏ ਸਾਰੇ ਫੌਜੀ ਕਰਮਚਾਰੀਆਂ ਲਈ ਮੁਆਫੀ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ ਬਾਗੀ ਸਮੂਹ ਦੇ ਮਿਲਟਰੀ ਆਪਰੇਸ਼ਨ ਵਿਭਾਗ ਨੇ ਘੋਸ਼ਣਾ ਕੀਤੀ, "ਅਸੀਂ ਲਾਜ਼ਮੀ ਸੇਵਾ ਦੇ ਤਹਿਤ ਸਾਰੇ ਫੌਜੀ ਕਰਮਚਾਰੀਆਂ ਨੂੰ ਮੁਆਫੀ ਦਿੰਦੇ ਹਾਂ।" ਉਹਨਾਂ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਂਦੀ ਹੈ, ਅਤੇ ਉਹਨਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਮਨਾਹੀ ਹੈ।