Gangsters in Canada: ਭਾਰਤ ਸਰਕਾਰ ਨੇ ਕੈਨੇਡਾ ਵਿੱਚ ਖ਼ਾਲਿਸਤਾਨ ਟਾਇਗਰ ਫੋਰਸ ਦੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦੇ ਟਿਕਾਣੇ ਦੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਦੇ ਕੇ ਗ੍ਰਿਫ਼ਤਾਰੀ ਯਕੀਨੀ ਬਣਾਉਣ ਲਈ ਕਿਹਾ ਹੈ। ਅਰਸ਼ ਡੱਲਾ ਦੇ ਮਾਮਲਿਆਂ ਦੀ ਜਾਂਚ ਕੌਮੀ ਜਾਂਚ ਏਜੰਸੀ ਕਰ ਰਹੀ ਹੈ ਤੇ ਭਾਰਤੀ ਏਜੰਸੀਆਂ ਨੇ ਉਸ ਨੂੰ ਭਗੌੜਾ ਗਰਦਾਨਿਆ ਹੋਇਆ ਹੈ।


ਭਾਰਤੀ ਏਜੰਸੀਆਂ ਨੇ ਕੁਝ ਤਸਵੀਰਾਂ ਦੇ ਨਾਲ ਉਸ ਦੀ ਕਾਰ ਤੇ ਉਸ ਦੇ ਮੌਜੂਦਾ ਟਿਕਾਣੇ ਦੀ ਸਹੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਨਆਈਏ ਨੇ ਗ੍ਰਹਿ ਮੰਤਰਾਲੇ ਦੇ ਜ਼ਰੀਏ ਵਿਦੇਸ਼ ਮੰਤਰਾਲੇ ਨਾਲ ਇਹ ਸੰਪਰਕ ਸਾਧਿਆ ਹੈ। ਇਸ ਤੋਂ ਬਾਅਦ ਦਿੱਲੀ ਸਥਿਤ ਦੂਤਾਵਾਸ ਦੇ ਜ਼ਰੀਓ ਕੈਨੇਡਾ ਦੀ ਸਰਕਾਰ ਨਾਲ ਸਪੰਰਕ ਕੀਤਾ ਗਿਆ ਤੇ ਅਰਸ਼ ਡੱਲਾ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ।


ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਖ਼ਤਾ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਵੀ ਕੈਨੇਡਾ ਦੀ ਸਰਕਾਰ ਨੇ ਅਰਸ਼ ਡੱਲਾ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਕੈਨੇਡਾ ਸਰਕਾਰ ਨੂੰ ਭੇਜੀ ਗਈ ਜਾਣਕਾਰੀ ਦਾ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਹੈ।


ਕੈਨੇਡਾ ਜਾ ਕੇ ਹਰਦੀਪ ਸਿੰਘ ਨਿੱਝਰ ਨਾਲ ਜੁੜਿਆ ਡੱਲਾ


ਜ਼ਿਕਰ ਕਰ ਦਈਏ ਕਿ 2020 ਤੱਕ ਡੱਲਾ ਪੰਜਾਬ ਵਿੱਚ ਗੈਂਗਸਟਰਾਂ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ ਜਿੱਥੇ ਉਸ ਨੇ ਖ਼ਾਲਿਸਤਾਨ ਟਾਇਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਨਾਲ ਮਿਲਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਹਰਦੀਪ ਸਿੰਘ ਨਿੱਝਰ ਨੂੰ ਪਿਛਲੇ ਸਾਲ 18 ਜੂਨ ਨੂੰ ਇੱਕ ਗੁਰੂਘਰ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।


ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨਿਆ ਅੱਤਵਾਦੀ


ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਜਨਵਰੀ ਨੂੰ ਡੱਲਾ ਨੂੰ ਗੈਂਗਸਟਰ ਤੋਂ  ਅੱਤਵਾਦੀ ਐਲਾਨ ਦਿੱਤਾ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡੱਲਾ ਅੱਤਵਾਦੀ ਗਤੀਵਿਧੀਆਂ ਤੋਂ ਇਲਾਵਾ ਕਤਲ, ਜਬਰੀ ਵਸੂਲੀ ਤੇ ਟਾਰਗੇਟ ਕੀਲਿੰਗ ਵਰਗੇ ਮਾਮਲੇ ਸ਼ਾਮਲ ਹਨ। ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨ ਤੋਂ ਵੱਡੇ ਪੱਧਰ ਉੱਤੇ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਹੈ। ਨਿੱਝਰ ਦੇ ਕਤਲ ਤੋਂ ਬਾਅਦ ਡੱਲਾ ਕੇਟੀਐਫ਼ ਦਾ ਸਾਰਾ ਕੰਮ ਸਾਂਭ ਰਿਹਾ ਹੈ।