ਨਵੀਂ ਦਿੱਲੀ: ਅਮਰੀਕਾ ਵੱਲੋਂ ਪਾਬੰਦੀ ਦੇ ਬਾਵਜੂਦ ਭਾਰਤ ਨੇ ਇਰਾਨ ਤੋਂ 12.5 ਲੱਖ ਟਨ ਕੱਚੇ ਤੇਲ ਦੀ ਦਰਾਮਦੀ ਦੇ ਆਰਡਰ ਦਿੱਤੇ ਹਨ। ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ 'ਦ ਐਨਰਜੀ ਫੋਰਮ' 'ਚ ਕਿਹਾ, "ਸਾਡੀਆਂ ਦੋ ਤੇਲ ਕੰਪਨੀਆਂ ਨੇ ਨਵੰਬਰ 'ਚ ਇਰਾਨ ਤੋਂ ਤੇਲ ਖਰੀਦਣ ਦਾ ਆਰਡਰ ਦਿੱਤਾ ਹੈ। ਸਾਨੂੰ ਨਹੀਂ ਪਤਾ ਕਿ ਅਮਰੀਕੀ ਪਾਬੰਦੀ ਤੋਂ ਛੋਟ ਮਿਲੇਗੀ ਜਾਂ ਨਹੀਂ।"
ਇਹ ਪਹਿਲਾ ਮੌਕਾ ਹੈ ਜਦੋਂ ਪੈਟਰੋਲੀਅਮ ਮੰਤਰੀ ਨੇ ਇਰਾਨ 'ਤੇ ਚਾਰ ਨਵੰਬਰ ਤੋਂ ਲੱਗਣ ਵਾਲੀ ਅਮਰੀਕੀ ਪਾਬੰਦੀ ਤੋਂ ਬਾਅਦ ਉੱਥੋਂ ਤੇਲ ਖਰੀਦਣ ਲਈ ਭਾਰਤ ਦਾ ਰੁਖ਼ ਸਾਫ ਕੀਤਾ ਹੈ। ਜ਼ਿਕਰਯੋਗ ਹੈ ਕਿ ਨਵੰਬਰ 'ਚ ਇਰਾਨ 'ਤੇ ਅਮਰੀਕਾ ਦੀ ਪਾਬੰਦੀ ਲਾਗੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਦੀਆਂ ਆਪਣੀਆਂ ਊਰਜਾ ਜ਼ਰੂਰਤਾਂ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਕਿਹਾ, "ਅਸੀਂ ਆਪਣੇ ਰਾਸ਼ਟਰ ਹਿੱਤ ਨੂੰ ਦੇਖਦਿਆਂ ਫੈਸਲਾ ਕਰਾਂਗੇ।" ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨਵੰਬਰ 'ਚ ਤੇਲ ਦਾ ਆਰਡਰ ਦੇਣ ਵਾਲੀਆਂ ਕੰਪਨੀਆਂ 'ਚੋਂ ਇੱਕ ਹੈ।
ਉਨ੍ਹਾਂ ਕਿਹਾ, "ਅਸੀਂ ਆਪਣੀ ਜ਼ਰੂਰਤ ਮੁਤਾਬਕ ਤੇਲ ਦਰਾਮਦੀ ਦਾ ਆਰਡਰ ਦਿੱਤਾ ਹੈ।" ਆਈਓਸੀ ਤੇ ਬੈਂਗਲੁਰੂ ਰਿਫਾਇਨਰੀ ਐਂਡ ਪੈਟ੍ਰੋਕੈਮੀਕਲਸ ਲਿਮਟਿਡ ਨੇ ਮਿਲ ਕੇ ਇਰਾਨ ਤੋਂ ਕੁੱਲ 12.5 ਲੱਖ ਟੱਨ ਕੱਚੇ ਤੇਲ ਦਾ ਆਰਡਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਤੋਂ ਤੇਲ ਦੇ ਭੁਗਤਾਨ ਦੇ ਵਿਕਲਪਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਰਾਨ 'ਤੇ ਅਮਰੀਕੀ ਪਾਬੰਦੀ ਲਾਗੂ ਹੋਣ ਤੋਂ ਬਾਅਦ ਡਾਲਰ 'ਚ ਭੁਗਤਾਨ ਦੇ ਰਾਹ ਬੰਦ ਕਰ ਦਿੱਤੇ ਜਾਣਗੇ।