INDIA vs Pakistan: ਸੰਯੁਕਤ ਰਾਸ਼ਟਰ ਦੇ ਜਿਨੇਵਾ(Geneva) ਵਿੱਚ ਅੰਤਰ-ਸੰਸਦੀ ਯੂਨੀਅਨ(Inter-Parliamentary Union) ਦੀ ਬੈਠਕ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਜਮ ਕੇ ਲਤਾੜਿਆ ਹੈ। ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਰਾਜ ਸਭਾ ਦੇ ਉੱਪ ਚੇਅਰਮੈਨ ਹਰਿਵੰਸ਼ ਨੇ ਪਾਕਿਸਤਾਨ ਨੂੰ ਅੱਤਵਾਦੀ ਦੀ ਫੈਕਟਰੀ ਦੱਸਿਆ ਤੇ ਕਿਹਾ ਕਿ ਇਸਲਾਮਾਬਾਦ ਨੂੰ ਭਾਰਤ ਨੂੰ ਭਾਸ਼ਣ ਦੇਣ ਦੀ ਬਜਾਏ ਅੱਤਵਾਦ ਦੀਆਂ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰਨਾ ਚਾਹੀਦਾ ਹੈ ਜੋ ਸਰਹੱਦ ਪਾਰ ਤੋਂ ਜੰਮੂ-ਕਸ਼ਮੀਰ ਵਿੱਚ ਹਮਲੇ ਕਰਦੇਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਹਮੇਸ਼ਾ ਰਹੇਗਾ। 


ਹਰਿਵੰਸ਼ ਨੇ ਭਾਰਤ ਨੂੰ ਲੈ ਕੇ ਪਾਕਿਸਤਾਨ ਦੀ ਕੀਤੀ ਗਈ ਟਿੱਪਣੀ ਨੂੰ ਰੱਦ ਕਰਦਿਆਂ ਕਿਹਾ ਕਿ, ਇੱਕ ਅਜਿਹਾ ਦੇਸ਼ ਜਿਸ ਦੇ ਲੋਕਤੰਤਰ ਦਾ ਟਰੈਕ ਰਿਕਾਰਡ ਖ਼ਰਾਬ ਹੈ ਤੇ ਸਾਨੂੰ ਭਾਸ਼ਣ ਦੇਣਾ ਹਾਸੋਹੀਣਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਕਈ ਦੇਸ਼ਾਂ ਨੇ ਭਾਰਤੀ ਲੋਕਤੰਤਰ ਨੂੰ ਮਾਡਲ ਮੰਨਿਆ ਹੈ।


ਜੰਮੂ ਕਸ਼ਮੀਰ ਦੇ ਮੁੱਦੇ ਉੱਤੇ ਮੁੜ ਲਾਈ ਲਤਾੜ


ਹਰਿਵੰਸ਼ ਨੇ ਕਸ਼ਮੀਰ 'ਤੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ, ਜਿੱਥੋਂ ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸਵਾਲ ਹੈ, ਉਹ ਹਮੇਸ਼ਾ ਭਾਰਤ ਦਾ ਅਟੁੱਟ ਹਿੱਸਾ ਰਹੇ ਹਨ ਅਤੇ ਹਮੇਸ਼ਾ ਰਹਿਣਗੇ। ਕੋਈ ਵੀ ਝੂਠ ਅਤੇ ਪ੍ਰਚਾਰ ਇਸ ਤੱਥ ਨੂੰ ਬਦਲ ਨਹੀਂ ਸਕਦਾ। ਇਸ ਦੀ ਬਜਾਏ, ਪਾਕਿਸਤਾਨ ਨੂੰ ਆਪਣੀਆਂ ਅੱਤਵਾਦੀ ਫੈਕਟਰੀਆਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ, ਜੋ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਦਾ ਦਾਅਵਾ ਕਰਦੇ ਹੋਏ, ਜੰਮੂ ਅਤੇ ਕਸ਼ਮੀਰ ਵਿੱਚ ਅਣਗਿਣਤ ਸਰਹੱਦ ਪਾਰ ਅੱਤਵਾਦੀ ਹਮਲੇ ਕਰਦੇ ਹਨ।


ਆਪਣੀ ਟਿੱਪਣੀ ਵਿੱਚ, ਹਰੀਵੰਸ਼ ਨੇ ਆਈਪੀਯੂ ਦੇ ਮੈਂਬਰਾਂ ਨੂੰ ਯਾਦ ਦਿਵਾਇਆ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ, ਮਦਦ ਕਰਨ ਅਤੇ ਸਰਗਰਮੀ ਨਾਲ ਸਮਰਥਨ ਕਰਨ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ, "ਮੈਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਦਹਿਸ਼ਤਗਰਦੀ ਦਾ ਚਿਹਰਾ ਓਸਾਮਾ ਬਿਨ ਲਾਦੇਨ ਪਾਕਿਸਤਾਨ ਵਿੱਚ ਪਾਇਆ ਗਿਆ ਸੀ। ਇਸ ਦੇਸ਼ ਨੇ ਸਭ ਤੋਂ ਵੱਧ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ, ਜਿਨ੍ਹਾਂ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੁਆਰਾ ਪਾਬੰਦੀ ਲਗਾਈ ਗਈ ਹੈ।