ਨਵੀਂ ਦਿੱਲੀ: ਭਾਰਤ ਨੂੰ ਅੱਜ ਤੋਂ ਪਹਿਲੀ ਵਾਰ ਅਮਰੀਕਾ ਤੋਂ ਕੱਚਾ ਤੇਲ ਮਿਲੇਗਾ। ਅਮਰੀਕਾ ਤੋਂ ਆਉਣ ਵਾਲਾ ਇਕ ਬਹੁਤ ਵੱਡਾ ਸਮੁੰਦਰੀ ਜਹਾਜ਼ ਓਡੀਸ਼ਾ ਦੇ ਪਾਰਾਦੀਪ ਬੰਦਰਗਾਹ 'ਤੇ ਪੁੱਜੇਗਾ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਜੁਲਾਈ ਦੀ ਸ਼ੁਰੂਆਤ 'ਚ ਅਮਰੀਕਾ ਤੋਂ ਪਹਿਲਾ ਕੱਚਾ ਤੇਲ ਵਾਲਾ ਸਮੂੰਦਰੀ ਜਹਾਜ਼ ਬੁੱਕ ਕੀਤਾ ਸੀ ਜਿਸ ਤੋਂ ਬਾਅਦ ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ 'ਚ ਅਮਰੀਕਾ ਤੋਂ ਕੱਚਾ ਤੇਲ ਖਰੀਦਣ ਦੀ ਦੌੜ ਲੱਗ ਗਈ। ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਇਸ ਜਹਾਜ਼ 'ਚ 16 ਲੱਖ ਬੈਰਲ ਅਮਰੀਕੀ ਕੱਚਾ ਤੇਲ ਹੈ। ਇਹ ਸੋਮਵਾਰ ਨੂੰ ਪਾਰਾਦੀਪ ਬੰਦਰਗਾਹ ਪੁੱਜ ਜਾਵੇਗਾ।
ਦੂਜਾ ਜਹਾਜ਼ ਜਲਦ ਹੀ ਗੁਜਰਾਤ ਦੇ ਵਡੀਨਾਰ 'ਤੇ ਕੱਚਾ ਤੇਲ ਲੈ ਕੇ ਪੁੱਜੇਗਾ। ਇਸੇ ਤਰ੍ਹਾਂ ਹਰ ਮਹੀਨੇ ਇਕ ਜਹਾਜ਼ ਭਾਰਤ ਆਉਣ ਦਾ ਅੰਦਾਜ਼ਾ ਹੈ। ਅਮਰੀਕੀ ਊਰਜਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈ.ਓ.ਸੀ. ਅਤੇ ਬੀ.ਪੀ.ਸੀ.ਐਲ. ਨੇ ਮਾਰਚ 2018 ਤੱਕ ਅਜਿਹੇ ਅੱਠ ਜਹਾਜ਼ ਮੰਗਾਉਣ ਦਾ ਭਰੋਸਾ ਦਿੱਤਾ ਹੈ। ਭਾਰਤ ਸਰਕਾਰ ਨੇ ਸਰਕਾਰੀ ਰਿਫਾਇਨਰੀ ਕੰਪਨੀਆਂ ਨੂੰ ਅਮਰੀਕਾ ਅਤੇ ਕੈਨੇਡਾ ਤੋਂ ਕੱਚਾ ਤੇਲ ਖਰੀਦਣ ਲਈ ਉਤਸਾਹਿਤ ਕੀਤਾ ਹੈ।
ਭਾਰਤ ਦੁਨੀਆ ਦਾ ਤੀਜਾ ਸੱਭ ਤੋਂ ਵੱਡਾ ਤੇਲ ਦੀ ਦਰਾਮਦ ਕਰਨ ਵਾਲਾ ਦੇਸ਼ ਹੈ। ਉਸ ਨੇ ਦੱਖਣੀ ਕੋਰੀਆ, ਜਪਾਨ ਅਤੇ ਚੀਨ ਵਾਂਗ ਅਮਰੀਕਾ ਤੋਂ ਕੱਚਾ ਤੇਲ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਓਪੇਕ ਨੇ ਕੱਚੇ ਤੇਲ ਦੇ ਪ੍ਰੋਡਕਸ਼ਨ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਮੱਧ ਏਸ਼ੀਆਈ ਦੇਸ਼ 'ਚ ਕੱਚੇ ਤੇਲ ਦੇ ਰੇਟ ਵਧੇ ਹਨ ਜਦਕਿ ਅਮਰੀਕੀ ਖਾੜੀ ਤੋਂ ਤੇਲ ਖਰੀਦਣਾ ਸਸਤਾ ਵਿਕਲਪ ਲੱਗ ਰਿਹਾ ਹੈ।