Temple Ransacked In Pakistan: ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹਿੰਦੂਆਂ ਦੇ ਇਕ ਮੰਦਿਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਭਾਰਤ ਸਰਕਾਰ ਨੇ ਸਖਤ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਮੰਦਰ 'ਚ ਤੋੜਫੋੜ ਨੂੰ ਲੈਕੇ ਪਾਕਿਸਤਾਨ ਉੱਚ ਕਮਿਸ਼ਨ ਦੇ ਪ੍ਰਭਾਰੀ ਨੂੰ ਤਲਬ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਉਪਾਸਨਾ ਸਥਾਨਾਂ 'ਤੇ ਹਮਲਿਆਂ ਸਮੇਤ ਘੱਟ ਗਿਣਤੀਆਂ ਦੇ ਖਿਲਾਫ ਹਿੰਸਾ ਤੇ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਪਾਕਿਸਤਾਨ 'ਚ ਲਗਾਤਾਰ ਜਾਰੀ ਹਨ।
ਪੁਲਿਸ ਨੇ ਦੱਸਿਆ ਕਿ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਸ਼ਹਿਰ 'ਚ ਭੀੜ ਨੇ ਬੁੱਧਵਾਰ ਹਿੰਦੂ ਮੰਦਿਰ 'ਤੇ ਹਮਲਾ ਕੀਤਾ। ਉਸ ਦੇ ਕੁਝ ਹਿੱਸਿਆਂ 'ਚ ਅੱਗ ਲਾ ਦਿੱਤੀ ਤੇ ਮੂਰਤੀਆਂ ਭੰਨ ਦਿੱਤੀਆਂ। ਇਹ ਸਥਾਨ ਲਾਹੌਰ ਤੋਂ ਕਰੀਬ 590 ਕਿਲੋਮੀਟਰ ਦੂਰ ਹੈ ਤੇ ਦੱਸਿਆ ਗਿਆ ਕਿ ਕਥਿਤ ਤੌਰ 'ਤੇ ਇਕ ਮਦਰੱਸੇ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਕੁਝ ਲੋਕਾਂ ਦੇ ਉਕਸਾਉਣ 'ਤੇ ਭੀੜ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਂਸਦ ਡਾ.ਰਮੇਸ਼ ਕੁਮਾਰ ਵਾਂਕਵਾਨੀ ਨੇ ਬੁੱਧਵਾਰ ਮੰਦਿਰ 'ਤੇ ਹਮਲੇ ਦੇ ਵੀਡੀਓ ਟਵਿਟਰ 'ਤੇ ਸਾਂਝੇ ਕੀਤੇ ਤੇ ਕਾਨੂੰਨ ਪਰਿਵਰਤਨ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗ ਲੱਗਣ ਦੀਆਂ ਘਟਨਾਵਾਂ ਤੇ ਤੋੜਭੰਨ ਨੂੰ ਰੋਕਣ ਲਈ ਜਲਦੀ ਘਟਨਾ ਸਥਾਨ 'ਤੇ ਪਹੁੰਚਣ।
ਉਨ੍ਹਾਂ ਇਸ ਘਟਨਾ ਨੂੰ ਲੈਕੇ ਅਨੇਕਾਂ ਟਵੀਟ ਕੀਤੇ। ਇਸ 'ਚ ਉਨ੍ਹਾਂ ਕਿਹਾ, 'ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਸ਼ਹਿਰ 'ਚ ਇਕ ਹਿੰਦੂ ਮੰਦਿਰ ਤੇ ਹਮਲਾ। ਕੱਲ੍ਹ ਹਾਲਾਤ ਬਹੁਤ ਤਣਾਅਪੂਰਵਕ ਸਨ। ਸਥਾਨਕ ਪੁਲਿਸ ਦੀ ਸ਼ਰਮਨਾਕ ਲਾਪਰਵਾਹੀ। ਪ੍ਰਧਾਨ ਜਸਟਿਸ ਨੂੰ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।'
ਰਹੀਮ ਯਾਰ ਖਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਅਸਦ ਸਰਫਰਾਜ ਨੇ ਦੱਸਿਆ ਕਿ ਇਲਾਕੇ 'ਚ ਕਰੀਬ 100 ਹਿੰਦੂ ਪਰਿਵਾਰ ਰਹਿੰਦੇ ਹਨ ਤੇ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਣ ਲਈ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਘਟਨਾ ਦੇ ਸਬੰਧ 'ਚ ਅਜੇ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।