ਭਾਰਤ ਅਤੇ ਅਮਰੀਕਾ 'ਚ ਤਣਾਅ ਦੀ ਸਥਿਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਹੀਂ ਚਾਹੁੰਦੇ ਸਨ ਕਿ ਭਾਰਤ ਰੂਸ ਤੋਂ ਤੇਲ ਖਰੀਦੇ। ਹਾਲਾਂਕਿ ਹੁਣ ਉਹਨਾਂ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਟਰੰਪ ਨੇ ਬੁੱਧਵਾਰ ਯਾਨੀਕਿ 15 ਅਕਤੂਬਰ ਨੂੰ ਕਿਹਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਇਸ ਦਾਅਵੇ ਦੀ ਸੱਚਾਈ ਦਾ ਪਤਾ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਤੋਂ ਬਾਅਦ ਹੀ ਲੱਗੇਗਾ। ਅਹਿਮ ਗੱਲ ਇਹ ਵੀ ਹੈ ਕਿ ਟਰੰਪ ਪਹਿਲਾਂ ਵੀ ਭਾਰਤ ਬਾਰੇ ਕਈ ਝੂਠੇ ਦਾਅਵੇ ਕਰ ਚੁੱਕੇ ਹਨ।
ਟਰੰਪ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਹਾਂ, ਬਿਲਕੁਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੇਰੇ ਦੋਸਤ ਹਨ। ਸਾਡੇ ਵਿਚਕਾਰ ਬਹੁਤ ਚੰਗੇ ਸੰਬੰਧ ਹਨ। ਮੈਨੂੰ ਇਹ ਪਸੰਦ ਨਹੀਂ ਸੀ ਕਿ ਭਾਰਤ, ਰੂਸ ਤੋਂ ਤੇਲ ਖਰੀਦੇ। ਹਾਲਾਂਕਿ ਅੱਜ ਉਹਨਾਂ ਮੈਨੂੰ ਭਰੋਸਾ ਦਿੱਤਾ ਹੈ ਕਿ ਹੁਣ ਭਾਰਤ, ਰੂਸ ਤੋਂ ਤੇਲ ਨਹੀਂ ਖਰੀਦੇਗਾ। ਇਹ ਵੱਡਾ ਕਦਮ ਹੈ। ਸਾਨੂੰ ਚੀਨ ਨੂੰ ਵੀ ਇਸ ਲਈ ਤਿਆਰ ਕਰਨਾ ਹੋਵੇਗਾ।"
ਅਮਰੀਕੀ ਰਾਸ਼ਟਰਪਤੀ ਨੇ ਰੂਸ ਬਾਰੇ ਕੀ ਦਾਅਵਾ ਕੀਤਾ ਸੀ
ਟਰੰਪ ਰੂਸ ਦੇ ਤੇਲ ਬਾਰੇ ਕਈ ਵਾਰੀ ਬਿਆਨ ਦੇ ਚੁੱਕੇ ਹਨ। ਉਹਨਾਂ ਦਾਅਵਾ ਕੀਤਾ ਸੀ ਕਿ ਰੂਸ ਆਪਣੀ ਕਮਾਈ ਦਾ ਪੈਸਾ ਯੂਕਰੇਨ ਯੁੱਧ ਵਿੱਚ ਖਰਚ ਕਰ ਰਿਹਾ ਹੈ ਅਤੇ ਇਸ ਲਈ ਉਹ ਨਹੀਂ ਚਾਹੁੰਦੇ ਕਿ ਭਾਰਤ ਰੂਸ ਤੋਂ ਤੇਲ ਖਰੀਦੇ। ਟਰੰਪ ਇਸ ਗੱਲ ਨਾਲ ਨਾਰਾਜ਼ ਹੋ ਕੇ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਲਗਾ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੇ ਨਾਲ-ਨਾਲ ਚੀਨ 'ਤੇ ਵੀ ਭਾਰੀ ਟੈਰਿਫ਼ ਲਗਾਈ ਸੀ। ਹੁਣ ਅਮਰੀਕਾ ਅਤੇ ਚੀਨ ਦੇ ਵਿਚਕਾਰ ਟੈਰਿਫ਼ ਯੁੱਧ ਚੱਲ ਰਿਹਾ ਹੈ।
ਟਰੰਪ ਨੇ ਕੀਤੀ ਸੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੀ ਤਾਰੀਫ
ਦੱਸਣ ਯੋਗ ਹੈ ਕਿ ਟਰੰਪ ਨੇ ਹਾਲ ਹੀ ਵਿੱਚ ਭਾਰਤ ਦੇ ਤਰੀਫਾਂ ਦੇ ਪੁਲ ਬੰਨੇ ਸਨ। ਉਹਨਾਂ ਭਾਰਤ ਨੂੰ ਮਹਾਨ ਦੇਸ਼ ਦੱਸਿਆ। ਇੰਨੀ ਹੀ ਨਹੀਂ, ਉਹਨਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਸਾਹਮਣੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਸੀ।