ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਟਵਿਟਰ 'ਤੇ ਇੱਕ ਇਸਲਾਮ ਵਿਰੋਧੀ ਟਿੱਪਣੀ ਪੋਸਟ ਕਰਨ ਦੀ ਵਜ੍ਹਾ ਨਾਲ ਭਾਰਤੀ ਮੂਲ ਦੇ ਸ਼ੈਫ ਨੂੰ ਦੁਬਈ ਦੇ ਹੋਟਲ ਵਿੱਚੋਂ ਨੌਕਰੀ ਤੋਂ ਕੱਢੇ ਜਾਣ ਦੀ ਖ਼ਬਰ ਹੈ। ਜੇਡਬਲਿਊ ਮੈਰੀਓਟ ਦੇ ਰੰਗ ਮਹਿਲ ਰੈਸਟੋਰੈਂਟ ਵਿੱਚੋਂ ਕੱਢੇ ਜਾਣ ਵਾਲੇ 48 ਸਾਲਾ ਅਤੁਲ ਕੋਚਰ 'ਮਿਸ਼ੇਲਿਨ ਸਟਾਰ' ਹਾਸਲ ਕਰਨ ਵਾਲੇ ਦੂਜੇ ਭਾਰਤੀ ਹਨ।

ਦਰਅਸਲ ਅਤੁਲ ਨੇ ਅਮਰੀਕੀ ਟੀਵੀ ਸੀਰੀਜ਼ 'ਕੁਆਂਟਿਕੋ' ਦੇ ਐਪੀਸੋਡ ਲਈ ਪ੍ਰਿਅੰਕਾ ਚੋਪੜਾ ਦੀ ਆਲੋਚਨਾ ਕੀਤੀ ਸੀ। ਇਸ ਐਪੀਸੋਡ 'ਚ ਭਾਰਤੀ ਰਾਸ਼ਟਰਵਾਦੀਆਂ ਨੂੰ ਅੱਤਵਾਦੀਆਂ ਦੇ ਰੂਪ 'ਚ ਦਿਖਾਇਆ ਗਿਆ ਸੀ।

ਅਤੁੱਲ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਪ੍ਰਿਅੰਕਾ ਨੇ ਹਿੰਦੂਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਜੋ 2000 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸਲਾਮ ਦੇ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਅਤੁਲ ਨੇ ਇਸ ਟਵੀਟ ਨੂੰ ਹਟਾ ਕੇ ਮਾਫੀ ਵੀ ਮੰਗ ਲਈ ਕਿ ਇਹ ਐਤਵਾਰ ਨੂੰ ਜੋਸ਼ 'ਚ ਆ ਕੇ ਕੀਤੀ ਗਈ ਵੱਡੀ ਗਲਤੀ ਸੀ।

ਇਸਲਾਮ ਵਿਰੋਧੀ ਇਸ ਟਿੱਪਣੀ ਤੋਂ ਸੋਸ਼ਲ ਮੀਡੀਆ 'ਤੇ ਵਿਵਾਦ ਕਾਫੀ ਵਧ ਗਿਆ ਸੀ ਤੇ ਲੋਕਾਂ ਨੇ ਇਸ ਸ਼ੈਫ ਨੂੰ ਹਟਾਉਣ ਦੀ ਮੰਗ ਕੀਤੀ। ਗਲਫ ਨਿਊਜ਼ ਦੀ ਖ਼ਬਰ ਮੁਤਾਬਕ ਹੋਟਲ ਦੇ ਮੁੱਖ ਪ੍ਰਬੰਧਕ ਬਿਲ ਕੇਫਰ ਨੇ ਕਿਹਾ ਕਿ ਅਤੁਲ ਕੋਚਰ ਵੱਲੋਂ ਹਾਲ ਹੀ 'ਚ ਕੀਤੀ ਟਿੱਪਣੀ ਤੋਂ ਬਾਅਦ ਅਸੀਂ ਰੰਗ ਮਹਿਲ ਲਈ ਉਨ੍ਹਾਂ ਨਾਲ ਕੀਤਾ ਆਪਣਾ ਕਰਾਰ ਖਤਮ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਕਰਾਰ ਖਤਮ ਹੋਣ ਤੋਂ ਬਾਅਦ ਸ਼ੈਫ ਅਤੁਲ ਹੁਣ ਰੈਸਟੋਰੈਂਟ 'ਚ ਕੰਮ ਨਹੀਂ ਕਰਨਗੇ।

ਰੈਸਟੋਰੈਂਟ ਚੋਂ ਕੱਢੇ ਜਾਣ 'ਤੇ ਅਤੁਲ ਨੇ ਕਿਹਾ ਕਿ ਉਹ ਕਾਫੀ ਨਰਾਜ਼ ਹੈ। ਉਨ੍ਹਾਂ ਜੇਡਬਲਯੂ ਮੈਰੀਓਟ ਦੁਬਈ ਦੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਮੈਂ ਲੋਕਾਂ ਨੂੰ ਠੇਸ ਪਹੁੰਚਾਈ ਤੇ ਹੋਟਲ ਨੂੰ ਜਿਸ ਮੁਸ਼ਕਿਲ 'ਚ ਪਾਇਆ ਉਸਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।

https://twitter.com/atulkochhar/status/1006587584179564544