ਅਮਰੀਕਾ: ਧੂੜ ਭਰੀ ਹਨ੍ਹੇਰੀ ਦਾ ਅਸਰ ਨਾਸਾ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੰਗਲ 'ਤੇ ਧੂੜ ਭਰੀ ਹਨ੍ਹੇਰੀ ਚੱਲਣ ਨਾਲ ਨਾਸਾ ਦਾ ਪੁਲਾੜ ਵਾਹਨ ਆਪਰਚੂਨਿਟੀ ਰੋਵਰ ਕਮਜ਼ੋਰ ਪੈ ਗਿਆ ਹੈ। ਨਾਸਾ ਮੁਤਾਬਕ ਇਸ ਕਾਰਨ ਸੌਰ ਊਰਜਾ ਨਾਲ ਚੱਲਣ ਵਾਲਾ ਇਹ ਮਾਨਵਰਹਿਤ ਪੁਲਾੜ ਵਾਹਨ ਸੁਸਤ ਅਵਸਥਾ ਵਿੱਚ ਚਲਾ ਗਿਆ ਹੈ ਤੇ ਇਸ ਦੀ ਹੋਂਦ ਨੂੰ ਲੈ ਕੇ ਚਿੰਤਾ ਵਧ ਰਹੀ ਹੈ।

ਜ਼ਿਕਰਯੋਗ ਹੈ ਕਿ ਰੋਬੋਟਿਕ ਵਹੀਕਲ ਨਾਲ ਆਖਰੀ ਵਾਰ 10 ਜੂਨ ਨੂੰ ਸੰਪਰਕ ਹੋਇਆ ਸੀ। ਮੰਗਲ ਤੇ ਜੀਵਨ ਦਾ ਪਤਾ ਲਾਉਣ ਲਈ ਆਪਰਚੂਨਿਟੀ ਤੇ ਸਪਿਰਟ ਨਾਮਕ ਦੋ ਰੋਬੋਟਿਕ ਪੁਲਾੜ ਵਾਹਨਾਂ ਨੂੰ ਸਾਲ 2003 ਵਿੱਚ ਲਾਂਚ ਕੀਤਾ ਗਿਆ ਸੀ ਜੋ ਇੱਕ ਸਾਲ ਬਾਅਦ ਮੰਗਲ ਦੀ ਧਰਤੀ 'ਤੇ ਪਹੁੰਚੇ ਸਨ।

ਨਾਸਾ ਨੇ ਦੱਸਿਆ ਕਿ ਅਚਾਨਕ ਧੂੜ ਭਰੀ ਤੇਜ਼ ਹਨ੍ਹੇਰੀ ਚੱਲਣ ਨਾਲ ਲਾਲ ਗ੍ਰਹਿ ਤੇ ਸੂਰਜ ਦੀਆਂ ਕਿਰਨਾਂ ਦੇ ਰਾਹ 'ਚ ਰੁਕਾਵਟ ਆ ਗਈ। ਕਰੀਬ 1.4 ਕਰੋੜ ਵਰਗ ਮੀਲ (3.5 ਕਰੋੜ ਵਰਗ ਕਿਲੋਮੀਟਰ) 'ਚ ਫੈਲੇ ਇਲਾਕੇ 'ਚ ਧੂੜ ਦੀ ਇਕ ਪਰਤ ਜਿਹੀ ਵਿਛ ਗਈ ਹੈ।

ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬੌਰਟਰੀ 'ਚ ਆਪਰਚੂਨਿਟੀ ਦੇ ਪ੍ਰੋਜੈਕਟ ਮੈਨੈਜਰ ਜੌਨ ਕਾਲਾਸ ਨੇ ਦੱਸਿਆ ਕਿ ਆਪਰਚੂਨਿਟੀ ਨੂੰ ਮੰਗਲ ਗ੍ਰਹਿ ਤੇ ਪਰਸੀਵਰੈਂਸ ਵੈਲੀ ਨਾਮਕ ਜਗ੍ਹਾ 'ਤੇ ਦੇਖਿਆ ਗਿਆ ਹੈ। ਜਿੱਥੇ ਆਪਰਚੂਨਿਟੀ ਸੁਸਤ ਅਵਸਥਾ 'ਚ ਚਲਾ ਗਿਆ ਹੈ। ਉਨ੍ਹਾਂ ਕਿਹਾ ਅਜਿਹੇ 'ਚ ਅਸੀਂ ਹਨ੍ਹੇਰੀ ਖਤਮ ਹੋਣ ਦੀ ਉਡੀਕ ਵਿੱਚ ਹਾਂ।