ਵਾਸ਼ਿੰਗਟਨ: ਡੋਨਾਲਡ ਟਰੰਪ ਦੀ ਸਖਤੀ ਮਗਰੋਂ ਭਾਰਤੀਆਂ ਦੀ ਐਚ 1 ਬੀ ਵੀਜ਼ਾ ਵਿੱਚ ਦਿਲਚਸਪੀ ਘਟ ਗਈ ਹੈ। ਸਿਲੀਕਾਨ ਵੈਲੀ ਦੇ ਅਖ਼ਬਾਰ ਮੁਤਾਬਕ ਭਾਰਤੀ ਸੂਚਨਾ ਤਕਨੀਕੀ ਕੰਪਨੀਆਂ ਦੀਆਂ ਐਚ 1 ਬੀ ਵੀਜ਼ਾ ਅਰਜ਼ੀਆਂ ਵਿੱਚ ਭਾਰੀ ਗਿਰਾਵਟ ਆਈ ਹੈ। ਟਰੰਪ ਪ੍ਰਸ਼ਾਸਨ ਦੇ ਸਖ਼ਤ ਇਮੀਗ੍ਰੇਸ਼ਨ ਰੁਖ਼ ਤੋਂ ਵਿਦੇਸ਼ੀ ਕਾਮੇ ਵੀ ਅਮਰੀਕੀ ਕੰਪਨੀਆਂ ਵਿੱਚ ਆਉਣ ਤੋਂ ਕੰਨੀਂ ਕਤਰਾ ਰਹੇ ਹਨ।


ਸਾਨ ਫਰਾਂਸਿਸਕੋ ਕ੍ਰੋਨੀਕਲਜ਼ ਦੇ ਸੰਪਾਦਕੀ ਬੋਰਡ ਮੁਤਾਬਕ ਐਚ 1 ਬੀ ਵੀਜ਼ਾ ਦੇ ਬਿਨੇਕਾਰਾਂ ਨੂੰ ਲੱਗਦਾ ਹੈ ਕਿ ਇਸ ਲਈ ਉਨ੍ਹਾਂ ਨੂੰ ਸਖ਼ਤ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਬਿਨ੍ਹੇਕਾਰਾਂ ਤੇ ਉਨ੍ਹਾਂ ਨੂੰ ਨੌਕਰੀ ਦੇਣ ਵਾਲੀਆਂ ਅਮਰੀਕੀ ਕੰਪਨੀਆਂ, ਦੋਵੇਂ ਪ੍ਰਭਾਵਿਤ ਹੋਏ ਹਨ। ਅਖ਼ਬਾਰ ਦਾ ਕਹਿਣਾ ਹੈ ਕਿ ਐਚ 1 ਬੀ ਵੀਜ਼ਾ ਪ੍ਰੋਗਰਾਮ ਤਹਿਤ ਅਮਰੀਕੀ ਕੰਪਨੀਆਂ ਵਿਸ਼ੇਸ਼ ਅਹੁਦਿਆਂ ‘ਤੇ ਹੋਰਾਂ ਦੇਸ਼ਾਂ ਦੇ ਪੇਸ਼ੇਵਾਰਾਂ ਦੀ ਨਿਯੁਕਤੀ ਕਰਦੀਆਂ ਹਨ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਇਸ ਵੀਜ਼ੇ ਰਾਹੀਂ ਹਰ ਸਾਲ ਹਜ਼ਾਰਾਂ ਚੀਨੀ ਭਾਰਤੀ ਕਾਮਿਆਂ ਦੀ ਨਿਯੁਕਤੀ ਕਰਦੀਆਂ ਹਨ।

ਵਾਲ ਸਟ੍ਰੀਟ ਜਰਨਲ ਮੁਤਾਬਕ ਐੱਚ 1 ਬੀ ਵੀਜ਼ੇ ਦੀ ਮੰਗ ਘਟ ਰਹੀ ਹੈ। ਇੰਡੀਡ ਹਾਇਰਿੰਗ ਲੈਬ ਦੇ ਅਰਥਸ਼ਾਸਤਰੀ ਡੇਨੀਅਲ ਕਲਬਰਟਸਨ ਨੇ ਕਿਹਾ ਕਿ ਐੱਚ 1 ਬੀ ਵੀਜ਼ਾ ਬਾਰੇ ਕੀਤੀ ਖੋਜ 2017 ਦੇ ਮੁਕਾਬਲੇ 2018 ਵਿੱਚ ਕਾਫ਼ੀ ਘਟ ਗਈ ਹੈ।