Harjeet Singh Dhadda: ਕੈਨੇਡਾ ਵਿੱਚ ਭਾਰਤ ਦੇ ਰਹਿਣ ਦੇ ਰਹਿਣ ਵਾਲੇ ਹਰਜੀਤ ਸਿੰਘ ਢੱਡਾ ਦੀ ਮਿਸੀਸੌਗਾ ਵਿੱਚ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਢੱਡਾ ਨੂੰ ਡਿਕਸਨ ਅਤੇ ਹੈਰੀ ਰੋਡ ਦੇ ਕੋਲ ਟੇਲਫੋਰਡ ਵੇਅ ‘ਤੇ ਅਪਰਾਧੀਆਂ ਨੇ ਗੋਲੀਆਂ ਮਾਰੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਧੀ ਗੁਰਲੀਨ ਢੱਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ ਮੇਰਾ ਨਾਮ ਗੁਰਲੀਨ ਢੱਡਾ ਹੈ, ਮੈਂ ਹਰਜੀਤ ਸਿੰਘ ਢੱਡਾ ਦੀ ਕੁੜੀ ਹਾਂ ਅਤੇ ਮੈਨੂੰ ਆਪਣੇ ਪਿਤਾ ਲਈ ਇਨਸਾਫ ਚਾਹੀਦਾ, ਮੈਨੂੰ ਹਰ ਉਸ ਪਰਿਵਾਰ ਦੇ ਨਿਆਂ ਚਾਹੀਦਾ ਹੈ, ਜਿਹੜਾ ਇਸ ਸਿਸਟਮ ਤੋਂ ਹਾਰਿਆ ਹੋਇਆ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਇਸ ਘਟਨਾ ਨੇ ਮੈਨੂੰ ਅਤੇ ਮੇਰੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਗੁਰਲੀਨ ਢੱਡਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਮੇਰੇ ਪਿਤਾ ਨੂੰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅਪ੍ਰੈਲ 2023 ਵਿੱਚ ਵੀ ਸਾਨੂੰ ਇੱਕ ਸੰਭਾਵੀ ਹਮਲੇ ਦਾ ਸਾਹਮਣਾ ਕਰਨਾ ਪਿਆ। ਅਸੀਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਬੇਨਤੀ ਕਰਦੇ ਰਹੇ, ਪਰ ਸਾਨੂੰ ਉਨ੍ਹਾਂ ਤੋਂ ਕੋਈ ਮਦਦ ਨਹੀਂ ਮਿਲੀ। ਕੈਨੇਡੀਅਨ ਪੁਲਿਸ ਸਾਡੀ ਰੱਖਿਆ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ਹਮਲੇ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਵੀ ਸਾਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਇੱਕ ਮਾਸੂਮ ਵਿਅਕਤੀ ਦੀ ਜਾਨ ਚਲੀ ਗਈ।
ਗੁਰਲੀਨ ਨੇ ਕੈਨੇਡੀਅਨ ਸਰਕਾਰ ਤੋਂ ਪੁੱਛਦਿਆਂ ਹੋਇਆਂ ਕਿਹਾ ਕਿ ਸਰਕਾਰ ਫਿਰੌਤੀ ਮੰਗਣ ਵਾਲਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਕੀ ਕਾਰਵਾਈ ਕਰ ਰਹੀ ਹੈ? ਅਜਿਹੇ ਹਮਲੇ ਵੱਧ ਰਹੇ ਹਨ ਅਤੇ ਮਾਸੂਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਦੋਂ ਕਿ ਪੁਲਿਸ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਕੋਲ ਕਿਹੜੇ ਵਿਕਲਪ ਹਨ?