Restaurant in Bahrain: ਬਹਿਰੀਨ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ ਘੁੰਡ ਕੱਢ ਕੇ ਆਉਣ ਵਾਲੀ ਔਰਤ ਨੂੰ ਦਾਖ਼ਲੇ ਤੋਂ ਮਨ੍ਹਾ ਕਰਨਾ ਮਹਿੰਗਾ ਪੈ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੈਸਟੋਰੈਂਟ ਖਿਲਾਫ ਕਾਰਵਾਈ ਕਰਦੇ ਹੋਏ ਇਸਨੂੰ ਬੰਦ ਕਰ ਦਿੱਤਾ ਗਿਆ ਹੈ। ਅਦਲੀਆ ਸਥਿਤ ਇਹ ਭਾਰਤੀ ਰੈਸਟੋਰੈਂਟ ਬਹਿਰੀਨ ਦੇ ਸਭ ਤੋਂ ਪੁਰਾਣੇ ਰੈਸਟੋਰੈਂਟਾਂ ਵਿੱਚੋਂ ਇੱਕ ਹੈ ਅਤੇ 1987 ਤੋਂ ਉੱਥੇ ਕੰਮ ਕਰ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ 
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਇਸ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਰਿਪੋਰਟ ਮੁਤਾਬਕ ਹਾਲ ਹੀ 'ਚ ਇਸ ਰੈਸਟੋਰੈਂਟ 'ਚ ਘੁੰਡ ਕੱਢ ਕੇ ਇਕ ਭਾਰਤੀ ਔਰਤ ਪਹੁੰਚੀ ਪਰ ਸਟਾਫ ਨੇ ਇਹ ਕਹਿ ਕੇ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਪਰਦਾ ਪਹਿਨਣ ਵਾਲੀਆਂ ਔਰਤਾਂ ਨੂੰ ਇਜਾਜ਼ਤ ਨਹੀਂ ਹੈ। ਇਸ ਘਟਨਾ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਹੈ। ਇਸ ਤੋਂ ਬਾਅਦ ਬਹਿਰੀਨ ਟੂਰਿਜ਼ਮ ਐਂਡ ਐਗਜ਼ੀਬਿਸ਼ਨ ਅਥਾਰਟੀ (ਬੀ.ਟੀ.ਈ.ਏ.) ਨੇ ਇਕ ਟੀਮ ਬਣਾਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਹੈ।



ਰੈਸਟੋਰੈਂਟ ਨੇ ਮੰਗੀ ਮੁਆਫੀ 
ਇਸ ਦੇ ਨਾਲ ਹੀ ਮਾਮਲਾ ਸਾਹਮਣੇ ਆਉਣ ਅਤੇ ਕਾਰਵਾਈ ਹੋਣ ਤੋਂ ਬਾਅਦ ਹੁਣ ਇਸ ਰੈਸਟੋਰੈਂਟ ਮੈਨੇਜਮੈਂਟ ਨੇ ਵੀ ਮਹਿਲਾ ਤੋਂ ਮੁਆਫੀ ਮੰਗ ਲਈ ਹੈ। ਰੈਸਟੋਰੈਂਟ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸਾਡੀ ਜਾਂਚ ਦੇ ਆਧਾਰ 'ਤੇ ਅਸੀਂ ਡਿਊਟੀ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਹੈ। ਅਸੀਂ 35 ਸਾਲਾਂ ਤੋਂ ਵੱਧ ਸਮੇਂ ਤੋਂ ਕਾਰੋਬਾਰ ਕਰ ਰਹੇ ਹਾਂ। ਇਸ ਦੌਰਾਨ ਅਸੀਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਸੇਵਾ ਕੀਤੀ ਹੈ। ਸਾਡੇ ਲਈ ਸਾਰੇ ਇੱਕੋ ਜਿਹੇ ਹਨ। ਇਸ ਮਾਮਲੇ ਵਿੱਚ ਗਲਤੀ ਕਰਨ ਵਾਲੇ ਮੈਨੇਜਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।