Russia Ukraine war 143 ukraine children have been killed and 216 injured since beginning of invasion


Russia Ukraine War: ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਤੇ ਮਿਜ਼ਾਈਲ ਹਮਲਿਆਂ ਨਾਲ ਤਬਾਹ ਹੋ ਚੁੱਕੇ ਹਨ। ਸੈਂਕੜੇ ਆਮ ਨਾਗਰਿਕ ਵੀ ਜੰਗ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਹਨ। ਯੂਕਰੇਨ ਦੇ ਲੋਕਪਾਲ ਮੁਤਾਬਕ ਯੂਕਰੇਨ ਤੇ ਰੂਸ ਦੇ ਵਿਚਕਾਰ ਪੂਰੇ ਸਮੇਂ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ 143 ਬੱਚੇ ਮਾਰੇ ਗਏ ਹਨ ਤੇ 216 ਜ਼ਖਮੀ ਹੋਏ ਹਨ। ਉਸ ਮੁਤਾਬਕ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ ਕਿਉਂਕਿ ਲੜਾਈ ਕਾਰਨ ਯੂਕਰੇਨ ਦੇ ਅਧਿਕਾਰੀ ਕਈ ਸ਼ਹਿਰਾਂ ਤੱਕ ਨਹੀਂ ਪਹੁੰਚ ਸਕੇ।


ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਰਾਤ ਨੂੰ ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਹਫ਼ਤੇ ਰੂਸ ਨਾਲ ਤੁਰਕੀ ਦੀ ਗੱਲਬਾਤ ਵਿੱਚ ਤਰਜੀਹ "ਯੂਕਰੇਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ" 'ਤੇ ਕੇਂਦਰਤ ਹੋਵੇਗੀ।


ਜ਼ੇਲੇਂਸਕੀ ਨੇ ਕਿਹਾ, 'ਅਸੀਂ ਬਗੈਰ ਦੇਰੀ ਕੀਤੇ ਸੱਚਮੁੱਚ ਸ਼ਾਂਤੀ ਚਾਹੁੰਦੇ ਹਾਂ। ਤੁਰਕੀ ਵਿੱਚ ਆਹਮੋ-ਸਾਹਮਣੇ ਗੱਲਬਾਤ ਇੱਕ ਮੌਕਾ ਤੇ ਲੋੜ ਹੈ। ਇਹ ਬੁਰਾ ਨਹੀਂ ਹੈ। ਆਓ ਦੇਖੀਏ ਕਿ ਨਤੀਜੇ ਕੀ ਨਿਕਲਦੇ ਹਨ।' ਉਨ੍ਹਾਂ ਨੇ ਕਿਹਾ, “ਮੈਂ ਦੂਜੇ ਦੇਸ਼ਾਂ ਦੀਆਂ ਸੰਸਦਾਂ ਨੂੰ ਅਪੀਲ ਕਰਨਾ ਜਾਰੀ ਰੱਖਾਂਗਾ ਤੇ ਉਨ੍ਹਾਂ ਨੂੰ ਮਾਰੀਉਪੋਲ ਵਰਗੇ ਘੇਰੇ ਹੋਏ ਸ਼ਹਿਰਾਂ ਵਿੱਚ ਗੰਭੀਰ ਸਥਿਤੀ ਬਾਰੇ ਯਾਦ ਕਰਾਵਾਂਗਾ।” ਯੂਕਰੇਨ ਦੀਆਂ ਹਥਿਆਰਬੰਦ ਬਲਾਂ ਦਾ ਧੰਨਵਾਦ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ ਕਿ ਉਹ ਕਬਜ਼ੇ ਵਾਲੇ ਸ਼ਹਿਰਾਂ ਨੂੰ ਵਾਪਸ ਲੈ ਰਹੇ ਹਨ ਤੇ "ਕੁਝ ਹਿੱਸਿਆਂ ਵਿੱਚ ਉਹ ਅੱਗੇ ਵੀ ਵਧ ਰਹੇ ਹਨ"। ਇਹ ਬਹੁਤ ਹੀ ਸ਼ਲਾਘਾਯੋਗ ਹੈ।


ਇਸ ਤੋਂ ਪਹਿਲਾਂ ਐਤਵਾਰ ਨੂੰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਦੇ ਵੋਟਰਾਂ ਨੂੰ ਦੇਸ਼ ਤੋਂ ਰੂਸੀ ਫੌਜਾਂ ਦੀ ਵਾਪਸੀ ਤੋਂ ਬਾਅਦ, ਨਿਰਪੱਖਤਾ ਤੇ ਨਾਟੋ ਤੋਂ ਬਾਹਰ ਰਹਿਣ ਦੀ ਸਹਿਮਤੀ ਦੇ ਮੁੱਦੇ 'ਤੇ ਜਨਮਤ ਸੰਗ੍ਰਹਿ ਕਰਵਾਉਣੀ ਚਾਹੀਦਾ ਹੈ।


ਦੂਜੇ ਪਾਸੇ ਯੂਕਰੇਨ ਦੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਕਿਰੀਲੋ ਬੁਡਾਨੋਵ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਨੂੰ ਦੋ ਟੁਕੜਿਆਂ ਵਿੱਚ ਵੰਡਣ ਦੀ ਕੋਸ਼ਿਸ਼ ਕਰ ਸਕਦਾ ਹੈ। ਰੱਖਿਆ ਮੰਤਰਾਲੇ ਦੇ ਇੱਕ ਬਿਆਨ ਮੁਤਾਬਕ ਬੁਡਾਨੋਵ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਹ ਪੂਰੇ ਦੇਸ਼ (ਯੂਕਰੇਨ) ਨੂੰ ਨਿਗਲ ਨਹੀਂ ਸਕਦੇ, ਇਸ ਲਈ ਉਹ ਸ਼ਾਇਦ 'ਕੋਰੀਆਈ ਦ੍ਰਿਸ਼' ਦੇ ਤਹਿਤ ਯੂਕਰੇਨ ਨੂੰ ਵੰਡਣ ਦੀ ਕੋਸ਼ਿਸ਼ ਕਰਨਗੇ। ਉਸ ਦਾ ਹਵਾਲਾ ਉੱਤਰੀ ਤੇ ਦੱਖਣੀ ਕੋਰੀਆ ਦਰਮਿਆਨ ਦਹਾਕਿਆਂ ਪੁਰਾਣੀ ਵੰਡ ਵੱਲ ਸੀ।


ਇਹ ਵੀ ਪੜ੍ਹੋ: ਮਹਿੰਗਾਈ ਦੇ ਮੁੱਦੇ 'ਤੇ ਹੰਗਾਮੇ ਦੀ ਭੇਟ ਚੜ੍ਹੀ ਰਾਜ ਸਭਾ ਦੀ ਕਾਰਵਾਈ, ਲੋਕ ਸਭਾ 'ਚ ਪੇਸ਼ ਹੋਏ ਕਈ ਅਹਿਮ ਬਿੱਲ