ਵ੍ਹਾਈਟ ਹਾਊਸ 'ਚ ਭਾਰਤੀ ਸਾਫਟਵੇਅਰ ਇੰਜਨੀਅਰ ਨੇ ਲਿਆ ਅਮਰੀਕੀ ਨਾਗਰਿਕ ਹੋਣ ਦਾ ਹਲਫ
ਏਬੀਪੀ ਸਾਂਝਾ | 27 Aug 2020 01:08 PM (IST)
ਭਾਰਤ ਦੀ ਸਾਫਟਵੇਅਰ ਡਿਵੈਲਪਰ ਸੁਧਾ ਸੁੰਦਰੀ ਨਾਰਾਇਣਨ ਉਨ੍ਹਾਂ ਇੱਕ 'ਚ ਸ਼ਾਮਲ ਸੀ ਜਿਨ੍ਹਾਂ ਨੇ ਯੂਐਸ ਦੇ ਨਾਗਰਿਕਾਂ ਵਜੋਂ ਸਹੁੰ ਚੁੱਕੀ।
ਨਿਊਯਾਰਕ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਵਿਲੱਖਣ ਸਮਾਰੋਹ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਭਾਰਤ ਦੀ ਸਾਫਟਵੇਅਰ ਡਿਵੈਲਪਰ ਸਮੇਤ ਪੰਜ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੀ ਸਹੁੰ ਚੁਕਾਈ ਗਈ। ਟਰੰਪ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਪਰਵਾਸੀਆਂ ਦਾ ਇੱਕ “ਸ਼ਾਨਦਾਰ ਦੇਸ਼” ਵਿੱਚ ਸਵਾਗਤ ਕਰਦੇ ਹਾਂ ਜਿੱਥੇ ਹਰ ਜਾਤੀ, ਧਰਮ ਤੇ ਰੰਗ ਦੇ ਲੋਕ ਰਹਿੰਦੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਸਮਾਰੋਹ ਦੀ ਮੇਜ਼ਬਾਨੀ ਕੀਤੀ ਤੇ ਸਮਾਗਮ ਦਾ ਵੀਡੀਓ ਮੰਗਲਵਾਰ ਨੂੰ ‘ਰਿਪਬਲੀਕਨ ਨੈਸ਼ਨਲ ਕਨਵੈਨਸ਼ਨ’ ਦੀ ਦੂਜੀ ਰਾਤ ਨੂੰ ਚਲਾਇਆ ਗਿਆ। ਵ੍ਹਾਈਟ ਹਾਊਸ ਵਿੱਚ ਸਮਾਰੋਹ ਦੌਰਾਨ ਪੰਜ ਦੇਸ਼ਾਂ-ਭਾਰਤ, ਬੋਲੀਵੀਆ, ਲੇਬਨਾਨ, ਸੁਡਾਨ ਤੇ ਘਾਨਾ ਦੇ ਪ੍ਰਵਾਸੀ ਇੱਕ ਕਤਾਰ ਵਿੱਚ ਖੜ੍ਹੇ ਸੀ। ਉਨ੍ਹਾਂ ਨੂੰ ਯੂਐਸ ਦੇ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਚਾਡ ਵੌਲਫ ਨੇ ਵਫ਼ਾਦਾਰੀ ਦੀ ਸਹੁੰ ਚੁਕਾਈ। ਭਾਰਤ ਦੀ ਸਾਫਟਵੇਅਰ ਡਿਵੈਲਪਰ ਸੁਧਾ ਸੁੰਦਰੀ ਨਾਰਾਇਣਨ ਉਨ੍ਹਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਯੂਐਸ ਦੇ ਨਾਗਰਿਕਾਂ ਵਜੋਂ ਸਹੁੰ ਚੁੱਕੀ। ਟਰੰਪ ਨੇ ਕਿਹਾ ਕਿ ਸਹੁੰ ਚੁੱਕਣ ਵਾਲੇ ਨਵੇਂ ਅਮਰੀਕੀ ਨਾਗਰਿਕਾਂ ਨੇ ਨਿਯਮਾਂ ਦੀ ਪਾਲਣਾ ਕੀਤੀ, ਕਾਨੂੰਨ ਦੀ ਪਾਲਣਾ ਕੀਤੀ, ਦੇਸ਼ ਦਾ ਇਤਿਹਾਸ ਸਿੱਖਿਆ, ਅਮਰੀਕੀ ਕਦਰਾਂ ਕੀਮਤਾਂ ਨੂੰ ਅਪਣਾਇਆ ਤੇ ਆਪਣੇ ਆਪ ਨੂੰ ਸਰਵ ਉੱਚ ਅਖੰਡਤਾ ਦੀਆਂ ਔਰਤਾਂ ਤੇ ਮਰਦ ਸਾਬਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸੁਧਾ ਭਾਰਤ ਵਿੱਚ ਪੈਦਾ ਹੋਈ “ਬੇਮਿਸਾਲ ਸਫਲ ਮਹਿਲਾ” ਹੈ ਜੋ 13 ਸਾਲ ਪਹਿਲਾਂ ਅਮਰੀਕਾ ਆਇਆ ਸੀ। ਉਨ੍ਹਾਂ ਨੇ ਕਿਹਾ, “ਸੁਧਾ ਇੱਕ ਪ੍ਰਤਿਭਾਵਾਨ ਸਾਫਟਵੇਅਰ ਡਿਵੈਲਪਰ ਹੈ ਤੇ ਉਹ ਤੇ ਉਸ ਦੇ ਪਤੀ ਦੋ ਸੁੰਦਰ, ਸ਼ਾਨਦਾਰ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਧਾਈਆਂ, ਵਧੀਆ ਕੰਮ।” ਗੁਲਾਬੀ ਰੰਗ ਦੀ ਸਾੜੀ ਵਿੱਚ ਸੁਧਾ ਨੂੰ ਟਰੰਪ ਨੇ ਨਾਗਰਿਕਤਾ ਦਾ ਸਰਟੀਫਿਕੇਟ ਪੇਸ਼ ਕੀਤਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904