ਮਹਿਤਾਬ-ਉਦ-ਦੀਨ


ਚੰਡੀਗੜ੍ਹ: ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਫ਼ੇਸਬੁੱਕ ਉੱਤੇ ਇੱਕ ਸਿੱਖ ਨੌਜਵਾਨ ਨੂੰ ‘ਖ਼ਾਲਿਸਤਾਨੀ ਦਹਿਸ਼ਤਗਰਦ’ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਸਿੱਖਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਵੀ ਕੀਤੀਆਂ ਸਨ।


ਮੁਲਜ਼ਮ ਪ੍ਰਵਾਸੀ ਭਾਰਤੀ ਨੇ ‘ਇੰਡੀਅਨਜ਼ ਇਨ ਨਿਊ ਜ਼ੀਲੈਂਡ’ ਨਾਂ ਦੇ ਇੱਕ ਫ਼ੇਸਬੁੱਕ ਪੇਜ ਉੱਤੇ ਸਿੱਖਾਂ ਵਿਰੁੱਧ ਅਜਿਹੀਆਂ ਘਿਨਾਉਣੀਆਂ ਟਿੱਪਣੀਆਂ ਕੀਤੀਆਂ ਹਨ। ਉਸ ਨੇ ਸਿੱਖ ਨੌਜਵਾਨ ਦੇ ਘਰ ਜਾ ਕੇ ਉਸ ਨੂੰ ਸਬਕ ਸਿਖਾਉਣ ਦੀ ਗੱਲ ਵੀ ਜਨਤਕ ਤੌਰ ਉੱਤੇ ਫ਼ੇਸਬੁੱਕ ਪੰਨੇ ਉੱਤੇ ਲਿਖੀ ਸੀ।

 
ਮੁਲਜ਼ਮ ਨੇ ਸਿੱਖ ਨੌਜਵਾਨ ਦਾ ਫ਼ੋਨ ਨੰਬਰ ਵੀ ਫ਼ੇਸਬੁੱਕ ਪੰਨੇ ਉੱਤੇ ਸ਼ੇਅਰ ਕਰ ਦਿੱਤਾ ਸੀ ਤੇ ਦੋਸ਼ ਲਾਇਆ ਸੀ ਕਿ ‘ਉਹ ਸਾਰੇ ਭਾਰਤੀਆਂ ਵਿਰੁੱਧ ਨਫ਼ਰਤ ਵਾਲੀ ਮੁਹਿੰਮ ਚਲਾ ਰਿਹਾ ਹੈ।’

 

ਦਰਅਸਲ, ਨਿਊਜ਼ੀਲੈਂਡ ’ਚ ਵੱਸਦੇ ਭਾਰਤੀਆਂ ਉੱਤੇ ਵੀ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ ਪਿਆ ਹੈ। ਬਹੁਤੇ ਭਾਰਤੀ ਤਾਂ ਕਿਸਾਨਾਂ ਦੇ ਹੱਕ ਵਿੱਚ ਹਨ ਪਰ ਕੁਝ ਪ੍ਰਵਾਸੀ ਭਾਰਤੀ ਇਸ ਵੇਲੇ ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜ੍ਹੇ ਦਿਸਦੇ ਹਨ। ਇਸ ਕਾਰਣ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ’ਚ ਆਪਸੀ ਤਣਾਅ ਪਾਇਆ ਜਾ ਰਿਹਾ ਹੈ।

 

ਕੈਨੇਡਾ ਤੇ ਆਸਟ੍ਰੇਲੀਆ ਵਿੱਚ ਵੀ ਅਜਿਹੇ ਤਣਾਅ ਕਾਰਣ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ। ਹੁਣ ਭਾਰਤੀ ਆਪਣਿਆਂ ਦੇ ਹੀ ਦੁਸ਼ਮਣ ਬਣ ਗਏ ਹਨ। ਨੌਜਵਾਨਾਂ ’ਚ ਦੂਰਅੰਦੇਸ਼ੀ ਦੀ ਘਾਟ ਹੋਣ ਕਾਰਣ ਜਜ਼ਬਾਤ ਦੇ ਰੌਂਅ ਵਿੱਚ ਵਹਿ ਕੇ ਉਹ ਕਿਸੇ ਦੇ ਵੀ ਪਿੱਛੇ ਲੱਗ ਤੁਰਦੇ ਹਨ ਅਤੇ ਇੰਝ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਬੈਠਦੇ ਹਨ। ਨੌਜਵਾਨਾਂ ’ਚ ਅਜਿਹਾ ਰੁਝਾਨ ਤੁਰੰਤ ਰੋਕਣ ਦੀ ਜ਼ਰੂਰਤ ਹੈ।