Indian Student: ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਸੁਫ਼ਨਾ ਚਕਨਾਚੂਰ ਹੋ ਗਿਆ। ਨਿਊ ਜਰਸੀ ਦੇ ਨੇਵਾਰਕ ਏਅਰਪੋਰਟ 'ਤੇ ਉਸ ਨਾਲ ਅਪਰਾਧੀਆਂ ਵਾਂਗ ਵਰਤਾਅ ਕੀਤਾ ਗਿਆ। ਇਹ ਅਣਮਨੁੱਖੀ ਵਿਵਹਾਰ ਮਾਮਲਾ 7 ਜੂਨ ਦਾ ਦੱਸਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ, ਅਮਰੀਕੀ ਅਧਿਕਾਰੀਆਂ ਨੇ ਵਿਦਿਆਰਥੀ ਨੂੰ ਹੱਥਕੜੀ ਪਾ ਕੇ ਜ਼ਮੀਨ 'ਤੇ ਸੁੱਟ ਦਿੱਤਾ ਤੇ ਉਸਨੂੰ ਡਿਪੋਰਟ ਕੀਤਾ ਜਾ ਸਕਦਾ ਹੈ।
ਇੰਡੋ-ਅਮਰੀਕਨ ਸੋਸ਼ਲ ਐਂਟਰਪਰਿਨਿਊਅਰ ਕੁਨਾਲ ਜੈਨ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਬਾਰੇ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਮੈਂ ਕੱਲ ਰਾਤ ਨੇਵਾਰਕ ਏਅਰਪੋਰਟ 'ਤੇ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਡਿਪੋਰਟ ਹੁੰਦੇ ਦੇਖਿਆ। ਉਸ ਨੂੰ ਹੱਥਕੜੀਆਂ ਪਾਈਆਂ ਗਈਆਂ, ਉਹ ਰੋ ਰਿਹਾ ਸੀ, ਉਸ ਨਾਲ ਅਪਰਾਧੀਆਂ ਵਾਂਗ ਸਲੂਕ ਕੀਤਾ ਗਿਆ। ਉਹ ਇੱਥੇ ਆਪਣੇ ਸੁਪਨਿਆਂ ਦੀ ਪਾਲਣਾ ਕਰਨ ਆਇਆ ਸੀ, ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ। ਇੱਕ ਐਨਆਰਆਈ ਹੋਣ ਦੇ ਨਾਤੇ ਮੈਂ ਬੇਬਸੀ ਅਤੇ ਦੁੱਖ ਮਹਿਸੂਸ ਕਰ ਰਿਹਾ ਹਾਂ। ਇਹ ਇੱਕ ਮਨੁੱਖੀ ਤ੍ਰਾਸਦੀ ਹੈ।"
ਅਮਰੀਕੀ ਅਧਿਕਾਰੀਆਂ ਨੂੰ ਆਉਣ ਦਾ ਕਾਰਨ ਨਹੀਂ ਸਮਝਾ ਸਕਿਆ ਵਿਦਿਆਰਥੀ
ਕੁਨਾਲ ਜੈਨ ਨੇ "ਐਕਸ" 'ਤੇ ਪੋਸਟ ਕਰਦੇ ਹੋਏ ਦੱਸਿਆ ਕਿ ਭਾਰਤੀ ਵਿਦਿਆਰਥੀ ਜਦੋਂ ਫਲਾਈਟ ਤੋਂ ਉਤਰਿਆ, ਤਾਂ ਉਹ ਇਮੀਗ੍ਰੇਸ਼ਨ ਅਥਾਰਿਟੀਆਂ ਨੂੰ ਆਪਣੇ ਆਉਣ ਦਾ ਵਾਜਬ ਕਾਰਨ ਨਹੀਂ ਦੱਸ ਸਕਿਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨਾਲ ਅਪਰਾਧੀਆਂ ਵਾਂਗ ਵਰਤਾਅ ਕੀਤਾ। ਕੁਨਾਲ ਨੇ ਇਹ ਵੀ ਦੱਸਿਆ ਕਿ ਅਜਿਹੇ ਕਈ ਬੱਚੇ ਹਨ ਜੋ ਸਵੇਰੇ ਪਹੁੰਚਦੇ ਹਨ ਅਤੇ ਫਿਰ ਸ਼ਾਮ ਨੂੰ ਹੱਥ-ਪੈਰ ਬੰਨ੍ਹ ਕੇ ਵਾਪਸ ਭੇਜੇ ਜਾਂਦੇ ਹਨ। ਉਹ ਕਹਿੰਦੇ ਹਨ ਕਿ ਹਰ ਰੋਜ਼ 3-4 ਅਜਿਹੇ ਕੇਸ ਵੇਖਣ ਨੂੰ ਮਿਲ ਰਹੇ ਹਨ।
ਕੀ ਵਿਦਿਆਰਥੀ ਫਲਾਈਟ 'ਚ ਨਹੀਂ ਚੜ੍ਹ ਸਕਿਆ?
ਕੁਨਾਲ ਜੈਨ ਨੇ ਆਪਣੇ ਪੋਸਟ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਟੈਗ ਕਰਦਿਆਂ ਲਿਖਿਆ ਕਿ ਉਹ ਬੱਚਾ ਮੇਰੇ ਨਾਲ ਹੀ ਫਲਾਈਟ 'ਚ ਆਉਣਾ ਸੀ, ਪਰ ਉਸ ਨੂੰ ਫਲਾਈਟ 'ਚ ਨਹੀਂ ਚੜ੍ਹਾਇਆ ਗਿਆ। ਕਿਸੇ ਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਆਖ਼ਰਕਾਰ ਉਸ ਦੇ ਨਾਲ ਕੀ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।