ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਸਰਹੱਦ 'ਤੇ ਤਣਾਅ ਬਣਿਆ ਹੋਇਆ ਹੈ। ਇਸ ਨੂੰ ਹਵਾ ਦਿੰਦਿਆਂ ਅਮਰੀਕਾ ਨੇ ਭਾਰਤ ਨੂੰ ਸਲਾਹ ਦਿੱਤੀ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਧਰ ਚੀਨ ਨੇ ਸਪਸ਼ਟ ਕਿਹਾ ਹੈ ਕਿ ਇਸ ਨਾਲ ਅਮਰੀਕਾ ਦਾ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਮਮਲੇ ਤੋਂ ਲਾਂਭੇ ਹੀ ਰਹੇ ਤਾਂ ਚੰਗਾ ਹੈ।


ਚੀਨ ਨੇ ਕਿਹਾ ਕਿ ਭਾਰਤ-ਚੀਨ ਦੇ ਸਰਹੱਦੀ ਮੁੱਦੇ ’ਤੇ ਅਮਰੀਕਾ ਦੇ ਸੀਨੀਅਰ ਰਾਜਦੂਤ ਦੀਆਂ ਟਿੱਪਣੀਆਂ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਸ ਮੁੱਦੇ ’ਤੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਢੰਗ ਨਾਲ ਚਰਚਾ ਜਾਰੀ ਹੈ। ਵਾਸ਼ਿੰਗਟਨ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਧਰ, ਭਾਰਤ ਨੇ ਚੀਨ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਭਾਰਤੀ ਫੌਜ ਲੱਦਾਖ ਤੇ ਸਿੱਕਮ ’ਚ ਚੀਨ ਦੇ ਕਬਜ਼ੇ ਹੇਠਲੇ ਇਲਾਕੇ ’ਚ ਗਤੀਵਿਧੀਆਂ ਕਰ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਇਹ ਚੀਨ ਹੈ ਜਿਸ ਨੇ ਭਾਰਤ ਦੇ ਗਸ਼ਤ ਵਾਲੇ ਇਲਾਕਿਆਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ, ‘ਭਾਰਤੀ ਫੌਜ ਵੱਲੋਂ ਸਿੱਕਿਮ ਸੈਕਟਰ ਜਾਂ ਲੱਦਾਖ ’ਚ ਅਸਲ ਕੰਟਰੋਲ ਰੇਖਾ ਤੋਂ ਪਾਰ ਜਾ ਕੇ ਗਤੀਵਿਧੀਆਂ ਕਰਨ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਭਾਰਤੀ ਫੌਜੀ ਕੰਟਰੋਲ ਰੇਖਾ ’ਤੇ ਆਪਣੇ ਹਿੱਸੇ ਅੰਦਰ ਹੀ ਗਤੀਵਿਧੀਆਂ ਕਰ ਰਹੀ ਹੈ। ਭਾਰਤ ਨੇ ਅਸਲ ਕੰਟਰੋਲ ਰੇਖਾ ਨਹੀਂ ਟੱਪੀ।’