ਨਵੀਂ ਦਿੱਲੀ: ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਮਗਰੋਂ ਯਾਤਰੀ ਜਹਾਜ਼ ਲਾਪਤਾ ਹੋ ਗਿਆ। ਹੁਣ ਉਸ ਜਹਾਜ਼ ਦੇ ਕ੍ਰੈਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਅਧਿਕਾਰੀ ਮੁਤਾਬਕ ਸ਼੍ਰੀਵਿਜਯਾ ਏਅਰ ਬੋਇੰਗ 737 (Sriwijaya Air Boeing 737) ਦੇ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 56 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਸੀ। ਜਹਾਜ਼ ਪੋਂਟੀਆਨਾਕ ਵੱਲ ਜਾ ਰਿਹਾ ਸੀ ਜੋ ਕਿ ਪੱਛਮੀ ਕਾਲੀਮੈਨਟਨ ਦੀ ਸੂਬਾਈ ਰਾਜਧਾਨੀ ਹੈ।
ਰਿਪੋਰਟਾਂ ਅਨੁਸਾਰ ਕ੍ਰੈਸ਼ ਹੋਇਆ ਬੋਇੰਗ ਏਅਰਕ੍ਰਾਫਟ 26 ਸਾਲਾਂ ਦਾ ਸੀ। ਜਹਾਜ਼ ਨੇ ਇੰਡੋਨੇਸ਼ੀਆ ਦੇ ਪੱਛਮੀ ਕਾਲੀਮੈਨਟਨ ਸੂਬੇ ਵਿੱਚ ਪੋਂਟੀਆਨਾਕ ਲਈ ਉਡਾਣ ਭਰੀ ਸੀ। ਰਾਇਟਰਜ਼ ਦੇ ਅਨੁਸਾਰ ਬਚਾਅ ਕਰਨ ਵਾਲਿਆਂ ਨੇ ਕਿਹਾ ਹੈ ਕਿ ਜਹਾਜ਼ ਦਾ ਸ਼ੱਕੀ ਮਲਬਾ ਸ਼ਹਿਰ ਦੇ ਸਮੁੰਦਰ ਵਿੱਚ ਮਿਲਿਆ ਹੈ। ਸਥਾਨਕ ਕੋਸਟਗਾਰਡ ਸਮੁੰਦਰੀ ਜਹਾਜ਼ ਦੇ ਕਮਾਂਡਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਜਹਾਜ਼ ਦੇ ਪੁਰਜੇ ਤੇ ਮਲਬਾ ਇੰਡੋਨੇਸ਼ੀਆ ਦੇ ਤੱਟ ਤੋਂ ਜਾਵਾ ਸਾਗਰ ਵਿੱਚ ਖਿੰਡੇ ਹੋਏ ਸੀ। ਖੋਜ ਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ।
ਬੋਇੰਗ 737-500 ਜਹਾਜ਼ ਨੇ ਜਕਾਰਤਾ ਦੇ ਸੋਇਕਾਰਨੋ-ਹੱਤਾ ਏਅਰਪੋਰਟ ਤੋਂ ਉਡਾਨ ਭਰੀ। ਫਲਾਈਟ ਟਰੈਕਰ ਵੈੱਬਸਾਈਟ Flightradar24.com ਅਨੁਸਾਰ, ਜਹਾਜ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ 10,000 ਫੁੱਟ ਦੀ ਉਚਾਈ ਤੇ ਸੰਪਰਕ ਗੁਆ ਬੈਠਾ।
ਸ਼੍ਰੀਵਿਜਯਾ ਏਅਰ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨਾਲ ਜੁੜੀ ਸਾਰੀ ਜਾਣਕਾਰੀ ਇਸ ਵੇਲੇ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰਾਲੇ ਦੀ ਤਰਜਮਾਨ ਅਦੀਤਾ ਇਰਾਵਤੀ ਨੇ ਕਿਹਾ ਕਿ ਬੋਇੰਗ 737-500 ਜਹਾਜ਼ ਦੁਪਹਿਰ 1:56 ਵਜੇ ਜਕਾਰਤਾ ਤੋਂ ਉਡਾਣ ਭਰਿਆ ਤੇ ਦੁਪਹਿਰ ਕਰੀਬ 2:40 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਗੁਆ ਬੈਠਾ।