ਨਵੀਂ ਦਿੱਲੀ: ਚਾਬਹਾਰ ਬੰਦਰਗਾਹ ਪ੍ਰਾਜੈਕਟ 'ਤੇ ਵਾਅਦੇ ਮੁਤਾਬਕ ਨਿਵੇਸ਼ ਨਾ ਕਰਨ 'ਤੇ ਇਰਾਨ ਨੇ ਭਾਰਤ ਦੀ ਆਲੋਚਨਾ ਕੀਤੀ ਹੈ। ਇਸ ਦੇ ਨਾਲ ਹੀ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ, ਇਰਾਨ ਤੋਂ ਤੇਲ ਦੀ ਦਰਾਮਦ ਘਟਾਉਂਦਾ ਹੈ ਤੇ ਸਾਊਦੀ ਅਰਬ, ਇਰਾਕ, ਰੂਸ ਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਤੇਲ ਖਰੀਦਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਖ਼ੁਦ ਨੂੰ ਮਿਲਣ ਵਾਲੇ ਵਿਸ਼ੇਸ਼ ਲਾਭ ਤੋਂ ਹੱਥ ਧੋ ਸਕਦਾ ਹੈ। ਇਰਾਨ ਦੇ ਉਪ ਰਾਜਦੂਤ ਮਸੂਦ ਰੇਜਵਾਨੀਅਨ ਰਾਹਾਘੀ ਨੇ ਸੈਮੀਨਾਰ ਵਿੱਚ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਭਾਰਤ ਚਾਬਹਾਰ ਬੰਦਰਗਾਹ ਦੇ ਵਿਸਥਾਰ ਲਈ ਨਿਵੇਸ਼ ਦੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਿਹਾ। ਅਮਰੀਕਾ ਵੱਲੋਂ ਲਾਈਆਂ ਗਈਆਂ ਰੋਕਾਂ ਦਾ ਜ਼ਿਕਰ ਕਰਦਿਆਂ ਰਾਹਾਘੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਤੇਲ ਦੇ ਖੇਤਰ ਵਿੱਚ ਹਮੇਸ਼ਾ ਤੋਂ ਬਾਅਦ ਦਾ ਭਰੋਸੇਮੰਦ ਸਹਿਯੋਗੀ ਰਿਹਾ ਹੈ। ਇਰਾਨ ਨੇ ਹਮੇਸ਼ਾ ਹੀ ਭਾਰਤ ਨੂੰ ਵਾਜਬ ਕੀਮਤ 'ਤੇ ਤੇਲ ਵੇਚਿਆ ਹੈ, ਤਾਂ ਕਿ ਦੋਵਾਂ ਦੇਸ਼ਾਂ ਦੇ ਹਿਤ ਸੁਰੱਖਿਅਤ ਰਹਿਣ। ਰਾਹਾਘੀ ਨੇ ਇਸ ਮਾਮਲੇ ਵਿੱਚ ਬਾਰਤ ਨੂੰ ਸੋਚ-ਸਮਝ ਕੇ ਕਦਮ ਚੁੱਕਣ ਦੀ ਨਸੀਹਤ ਵੀ ਦਿੱਤੀ। ਪਿਛਲੇ ਮਹੀਨੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤ ਸਮੇਤ ਕੁਝ ਹੋਰ ਸਹਿਯੋਗੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ 4 ਨਵੰਬਰ ਤਕ ਇਰਾਨ ਤੋਂ ਤੇਲ ਖਰੀਦਣ 'ਤੇ ਰੋਕ ਲਾ ਦੇਣ ਨਹੀਂ ਤਾਂ ਅਮਰੀਕਾ ਉਨ੍ਹਾਂ 'ਤੇ ਰੋਕ ਲਾ ਦੇਵੇਗਾ। ਇਸ ਮਾਮਲੇ ਵਿੱਚ ਭਾਰਤ ਤੇ ਚੀਨ ਨੂੰ ਖਾਸ ਤੌਰ 'ਤੇ ਸੂਚਿਤ ਕੀਤਾ ਗਿਆ ਸੀ। ਚੀਨ ਵੀ ਇਰਾਨ ਤੋਂ ਵੱਡੀ ਮਾਤਰਾ ਵਿੱਚ ਤੇਲ ਦੀ ਦਰਾਮਦ ਕਰਦਾ ਹੈ। ਚਾਬਹਾਰ ਬੰਦਰਗਾਹ ਨੂੰ ਭਾਰਤ, ਈਰਾਨ ਤੇ ਅਫ਼ਗਾਨਿਸਤਾਨ ਵਿੱਚ ਨਵਾਂ ਰਣਨੀਤਕ ਲਾਂਘਾ ਮੰਨਿਆ ਜਾ ਰਿਹਾ ਹੈ। ਇਸ ਪੋਰਟ ਰਾਹੀਂ ਤਿੰਨਾ ਦੇਸ਼ਾਂ ਦਰਮਿਆਨ ਕਾਰੋਬਾਰ ਵਿੱਚ ਵਾਧਾ ਹੋਣ ਦੀ ਆਸ ਹੈ। ਹਾਲ ਹੀ ਵਿੱਚ ਭਾਰਤ ਨੇ ਪਹਿਲੀ ਵਾਰ ਇਸ ਪੋਰਟ ਤੋਂ ਹੀ ਕਣਕ ਦੀ ਵੱਡੀ ਖੇਪ ਅਫ਼ਗਾਨਿਸਤਾਨ ਭੇਜੀ ਸੀ। ਇਸ ਬੰਦਰਗਾਹ ਰਾਹੀਂ ਭਾਰਤ, ਪਾਕਿਸਤਾਨ ਤੋਂ ਗੁਜ਼ਰੇ ਬਿਨਾ ਅਫ਼ਗਾਨਿਸਤਾਨ, ਰੂਸ ਤੇ ਯੂਰਪ ਨਾਲ ਜੁੜ ਸਕੇਗਾ।