Israel Economic Crisis: ਈਰਾਨ ਨਾਲ ਪੰਗਾ ਲੈ ਕੇ ਇਜ਼ਰਾਈਲ ਕਸੂਤਾ ਘਿਰ ਗਿਆ ਹੈ। ਈਰਾਨ ਤੇ ਇਜ਼ਰਾਈਲ ਤਕਰੀਬਨ ਹਾਜ਼ਰ ਕਿਲੋਮੀਟਰ ਦੂਰੋਂ ਇੱਕ-ਦੂਜੇ ਉਪਰ ਮਜ਼ਾਈਲਾਂ ਦਾਗ ਰਹੇ ਹਨ। ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਟਕਰਾਅ ਹੁਣ ਸਿਰਫ਼ ਫੌਜੀ ਨਹੀਂ ਸਗੋਂ ਇੱਕ ਆਰਥਿਕ ਸੰਕਟ ਵਿੱਚ ਵੀ ਬਦਲ ਰਿਹਾ ਹੈ। ਇਜ਼ਰਾਈਲ ਦੇ ਸਾਬਕਾ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਰੀਮ ਅਮੀਨਕ ਅਨੁਸਾਰ ਇਜ਼ਰਾਈਲ ਜੰਗ ਲੜਨ ਲਈ ਹਰ ਰੋਜ਼ $725 ਮਿਲੀਅਨ (ਲਗਪਗ ₹6,000 ਕਰੋੜ) ਖਰਚ ਕਰ ਰਿਹਾ ਹੈ।
ਅਹਿਮ ਗੱਲ਼ ਇਹ ਹੈ ਕਿ ਇਸ ਵਿੱਚ ਸਿਰਫ਼ ਮਿਜ਼ਾਈਲਾਂ, ਜੈੱਟ ਈਂਧਨ, ਬੰਬਾਰੀ ਤੇ ਫੌਜੀ ਤਾਇਨਾਤੀ ਵਰਗੇ ਸਿੱਧੇ ਖਰਚੇ ਸ਼ਾਮਲ ਹਨ। ਜੇਕਰ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਤੇ ਉਤਪਾਦਕਤਾ ਵਿੱਚ ਗਿਰਾਵਟ ਨੂੰ ਵੀ ਜੋੜਿਆ ਜਾਵੇ ਤਾਂ ਅਸਲ ਖਰਚਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ। ਇਜ਼ਰਾਈਲ ਦੇ ਵਿੱਤ ਮੰਤਰਾਲੇ ਨੇ 2025 ਵਿੱਚ GDP ਵਿਕਾਸ ਦਰ ਦੇ ਅਨੁਮਾਨ ਨੂੰ 4.3% ਤੋਂ ਘਟਾ ਕੇ 3.6% ਕਰ ਦਿੱਤਾ ਹੈ। ਇਸ ਦੇ ਨਾਲ ਹੀ 2025 ਵਿੱਚ ਪਹਿਲਾਂ ਤੋਂ ਨਿਰਧਾਰਤ ਬਜਟ ਘਾਟੇ ਦੀ ਸੀਮਾ 4.9% ਤੋਂ ਵੱਧ ਸਕਦੀ ਹੈ।
13 ਜੂਨ ਨੂੰ ਈਰਾਨ 'ਤੇ ਹਮਲੇ ਤੋਂ ਬਾਅਦ ਇਜ਼ਰਾਈਲ ਦਾ ਖਰਚ ਪਹਿਲੇ ਦੋ ਦਿਨਾਂ ਵਿੱਚ $1.45 ਬਿਲੀਅਨ (ਲਗਪਗ ₹12,500 ਕਰੋੜ) ਤੱਕ ਪਹੁੰਚ ਗਿਆ। ਇਸ ਵਿੱਚੋਂ 593 ਮਿਲੀਅਨ ਡਾਲਰ (ਲਗਪਗ 5 ਹਜ਼ਾਰ ਕਰੋੜ ਰੁਪਏ) ਬੰਬਾਰੀ ਤੇ ਜੈੱਟ ਈਂਧਨ ਵਿੱਚ ਤੇ ਬਾਕੀ ਰੱਖਿਆ ਕਾਰਜਾਂ ਵਿੱਚ ਖਰਚ ਹੋਏ। ਇਜ਼ਰਾਈਲੀ ਵਿੱਤ ਮੰਤਰਾਲੇ ਦੁਆਰਾ 2025 ਲਈ ਨਿਰਧਾਰਤ ਬਜਟ ਘਾਟੇ ਦੀ ਸੀਮਾ ਜੀਡੀਪੀ ਦਾ 4.9% ਸੀ, ਯਾਨੀ ਲਗਪਗ $27.6 ਬਿਲੀਅਨ ਪਰ ਇਹ ਅਨੁਮਾਨ ਈਰਾਨ ਨਾਲ ਨਵੀਂ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦਾ ਸੀ। ਹੁਣ ਇਜ਼ਰਾਈਲ ਦਾ ਬਜਟ ਘਾਟਾ ਹੋਰ ਵਧ ਸਕਦਾ ਹੈ।
ਇਸ ਦੇ ਨਾਲ ਹੀ ਇਜ਼ਰਾਈਲ ਦਾ ਰੱਖਿਆ ਬਜਟ ਪਹਿਲਾਂ ਹੀ ਗਾਜ਼ਾ ਯੁੱਧ ਵਿੱਚ ਬਹੁਤ ਖਰਚ ਕੀਤਾ ਜਾ ਚੁੱਕਾ ਹੈ। ਇਸ ਕਾਰਨ ਵਿੱਤ ਮੰਤਰਾਲੇ ਨੇ 2025 ਵਿੱਚ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ 4.3% ਤੋਂ ਘਟਾ ਕੇ 3.6% ਕਰ ਦਿੱਤਾ ਹੈ। ਇਜ਼ਰਾਈਲ ਦਾ ਰੱਖਿਆ ਬਜਟ 2023 ਵਿੱਚ 15 ਬਿਲੀਅਨ ਡਾਲਰ ਤੋਂ ਵੱਧ ਕੇ 2025 ਵਿੱਚ 31 ਬਿਲੀਅਨ ਡਾਲਰ ਹੋ ਗਿਆ ਹੈ, ਜੋ ਜੀਡੀਪੀ ਦਾ ਲਗਪਗ 7% ਹੈ। ਇਸ ਕਾਰਨ ਸਿਹਤ ਤੇ ਸਿੱਖਿਆ ਵਰਗੇ ਮਹੱਤਵਪੂਰਨ ਖੇਤਰ ਪਿੱਛੇ ਰਹਿ ਸਕਦੇ ਹਨ।
ਇਸ ਯੁੱਧ ਵਿੱਚ ਹੁਣ ਤੱਕ ਈਰਾਨ ਨੇ 400 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ, ਜਦੋਂਕਿ ਇਜ਼ਰਾਈਲ ਨੇ 120 ਲਾਂਚਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਜ਼ਰਾਈਲ ਦੇ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਵੀ ਹੁਣ ਥੱਕ ਰਹੀਆਂ ਹਨ। ਅਮਰੀਕਾ ਤੋਂ ਨਵੇਂ ਰੱਖਿਆ ਪ੍ਰਣਾਲੀਆਂ ਦੀ ਉਮੀਦ ਹੈ। ਇਸ ਦੇ ਨਾਲ ਇਜ਼ਰਾਈਲ ਅਮਰੀਕਾ ਤੋਂ ਪ੍ਰਾਪਤ ਫੰਡਾਂ ਨੂੰ ਵਧਾਉਣ ਦੀ ਮੰਗ ਵੀ ਕਰ ਸਕਦਾ ਹੈ। ਫਾਇਰ ਪਾਵਰ ਵੈੱਬਸਾਈਟ ਦੇ ਅਨੁਸਾਰ, ਅਮਰੀਕਾ ਇਜ਼ਰਾਈਲ ਨੂੰ ਆਇਰਨ ਡੋਮ ਤੇ ਏਅਰੋ ਡਿਫੈਂਸ ਸਿਸਟਮ ਲਈ ਹਰ ਸਾਲ 4500 ਕਰੋੜ ਰੁਪਏ ਦਿੰਦਾ ਹੈ। ਅਮਰੀਕਾ ਵੱਲੋਂ ਇਜ਼ਰਾਈਲ ਨੂੰ ਹਰ ਸਾਲ ਲਗਪਗ 30 ਹਜ਼ਾਰ ਕਰੋੜ ਰੁਪਏ ਫੌਜੀ ਸਹਾਇਤਾ ਵਜੋਂ ਵੱਖਰੇ ਤੌਰ 'ਤੇ ਦਿੱਤੇ ਜਾਂਦੇ ਹਨ। ਇਸ ਸਹਾਇਤਾ ਨੂੰ 'ਇਜ਼ਰਾਈਲ ਫੰਡ' ਕਿਹਾ ਜਾਂਦਾ ਹੈ।