ਈਰਾਨ ਵਿੱਚ 28 ਦਸੰਬਰ ਤੋਂ ਜਾਰੀ ਭਿਆਨਕ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਮਨੁੱਖੀ ਅਧਿਕਾਰ ਕਾਰਕੁਨਾਂ ਮੁਤਾਬਕ ਹੁਣ ਤੱਕ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕੁਝ ਰਿਪੋਰਟਾਂ ਵਿੱਚ ਇਹ ਅੰਕੜਾ 2,500 ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ ਹੈ।

Continues below advertisement

ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਸਰਕਾਰ ਨੂੰ ਕੜੀ ਚੇਤਾਵਨੀ ਦਿੰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਦਦ ਰਾਹ ਵਿੱਚ ਹੈ।

ਟਰੰਪ ਨੇ ਈਰਾਨ ਦੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਈਰਾਨੀ ਸਰਕਾਰ ਨੇ ਕੁਝ ਪਾਬੰਦੀਆਂ ਹਿੱਸੇਵਾਰ ਤੌਰ 'ਤੇ ਹਟਾਈਆਂ ਹਨ, ਜਿਸ ਨਾਲ ਲੋਕ ਕਈ ਦਿਨਾਂ ਬਾਅਦ ਵਿਦੇਸ਼ਾਂ ਵਿੱਚ ਫ਼ੋਨ ਕਾਲ ਕਰ ਸਕੇ। ਹਾਲਾਂਕਿ, ਇੰਟਰਨੈੱਟ ਅਤੇ SMS ਸੇਵਾਵਾਂ ਹਾਲੇ ਵੀ ਬੰਦ ਹਨ, ਜਿਸ ਕਾਰਨ ਦੇਸ਼ ਦੇ ਅੰਦਰ ਤੇ ਬਾਹਰ ਸੰਪਰਕ ਕਾਫ਼ੀ ਸੀਮਿਤ ਬਣਿਆ ਹੋਇਆ ਹੈ।

Continues below advertisement

ਮੌਤਾਂ ਦਾ ਅੰਕੜਾ 2,571 ਤੱਕ ਪਹੁੰਚ ਗਿਆ ਹੈ

ਅਮਰੀਕਾ ਅਧਾਰਤ Human Rights Activists News Agency (HRANA) ਮੁਤਾਬਕ, ਈਰਾਨ ਵਿੱਚ ਜਾਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,571 ਹੋ ਗਈ ਹੈ। ਉੱਥੇ ਹੀ, ਈਰਾਨੀ ਸਰਕਾਰੀ ਟੀਵੀ ਨੇ ਵੀ ਮੰਨਿਆ ਹੈ ਕਿ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ।

ਈਰਾਨ ਦੀ Martyrs Foundation ਦੇ ਮੁਖੀ ਅਹਮਦ ਮੌਸਵੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੱਥਿਆਰਬੰਦ ਅਤੇ ਆਤੰਕੀ ਗਰੁੱਪਾਂ ਕਾਰਨ ਦੇਸ਼ ਨੂੰ ਭਾਰੀ ਹਾਨੀ ਝੱਲਣੀ ਪਈ ਹੈ। ਹਾਲਾਂਕਿ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਦੋਸ਼ ਹੈ ਕਿ ਜ਼ਿਆਦਾਤਰ ਮੌਤਾਂ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਹੋਈਆਂ ਹਨ।

ਟਰੰਪ ਦਾ ਈਰਾਨੀਆਂ ਲਈ ਸੁਨੇਹਾ

ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ’ਤੇ ਇੱਕ ਤਿੱਖਾ ਸੁਨੇਹਾ ਜਾਰੀ ਕਰਦੇ ਹੋਏ ਈਰਾਨ ਦੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਤੇਜ਼ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਲਿਖਿਆ, “ਈਰਾਨੀ ਲੋਕੋ, ਵਿਰੋਧ ਜਾਰੀ ਰੱਖੋ, ਆਪਣੀਆਂ ਸੰਸਥਾਵਾਂ ’ਤੇ ਕਬਜ਼ਾ ਕਰੋ। ਕਾਤਲਾਂ ਅਤੇ ਜ਼ੁਲਮ ਕਰਨ ਵਾਲਿਆਂ ਦੇ ਨਾਮ ਸੰਭਾਲ ਕੇ ਰੱਖੋ, ਉਨ੍ਹਾਂ ਨੂੰ ਭਾਰੀ ਕੀਮਤ ਚੁਕਾਣੀ ਪਵੇਗੀ। ਜਦ ਤੱਕ ਹੱਤਿਆਵਾਂ ਬੰਦ ਨਹੀਂ ਹੁੰਦੀਆਂ, ਮੈਂ ਈਰਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਹਨ। ਮਦਦ ਰਸਤੇ ਵਿੱਚ ਹੈ।”

ਈਰਾਨੀ ਸਰਕਾਰ ਨੂੰ ਮਨੁੱਖਤਾ ਦਿਖਾਉਣ ਦੀ ਅਪੀਲ

ਟਰੰਪ ਨੇ ਕਿਹਾ ਕਿ ਉਹ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਈਰਾਨ ਵਿੱਚ ਹੋ ਰਹੀਆਂ ਹੱਤਿਆਵਾਂ ਦਾ ਪੈਮਾਨਾ ਬਹੁਤ ਗੰਭੀਰ ਹੈ। ਉਨ੍ਹਾਂ ਆਖਿਆ, “ਉਹ ਬਹੁਤ ਗਲਤ ਤਰੀਕੇ ਨਾਲ ਵਰਤਾਓ ਕਰ ਰਹੇ ਹਨ। ਉਨ੍ਹਾਂ ਨੂੰ ਮਨੁੱਖਤਾ ਦਿਖਾਉਣੀ ਚਾਹੀਦੀ ਹੈ। ਇਹ ਇਕ ਬਹੁਤ ਵੱਡੀ ਸਮੱਸਿਆ ਹੈ।” ਟਰੰਪ ਨੇ ਇਹ ਵੀ ਸੰਕੇਤ ਦਿੱਤਾ ਕਿ ਜੇ ਹਾਲਾਤ ਨਹੀਂ ਸੁਧਰੇ ਤਾਂ ਅਮਰੀਕਾ ਉਸ ਮੁਤਾਬਕ ਕਾਰਵਾਈ ਕਰੇਗਾ।

ਈਰਾਨ ਦਾ ਪਲਟਵਾਰ

ਈਰਾਨ ਨੇ ਟਰੰਪ ’ਤੇ ਰਾਜਨੀਤਿਕ ਅਸਥਿਰਤਾ ਫੈਲਾਉਣ, ਹਿੰਸਾ ਭੜਕਾਉਣ ਅਤੇ ਦੇਸ਼ ਦੀ ਸੰਪ੍ਰਭੁਤਾ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਹਨ। ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਤ ਅਮੀਰ ਸਈਦ ਇਰਾਵਾਨੀ ਨੇ ਸੁਰੱਖਿਆ ਕੌਂਸਲ ਨੂੰ ਚਿੱਠੀ ਲਿਖ ਕੇ ਕਿਹਾ ਕਿ ਬੇਗੁਨਾਹ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਦੀ ਮੌਤ ਲਈ ਅਮਰੀਕਾ ਅਤੇ ਇਜ਼ਰਾਈਲ ਜ਼ਿੰਮੇਵਾਰ ਹਨ।

ਫਾਂਸੀ ਦੀਆਂ ਖ਼ਬਰਾਂ ’ਤੇ ਟਰੰਪ ਦੀ ਧਮਕੀ

CBS News ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦਿੱਤੀ ਤਾਂ ਅਮਰੀਕਾ “ਬਹੁਤ ਸਖ਼ਤ ਕਾਰਵਾਈ” ਕਰੇਗਾ। ਉਨ੍ਹਾਂ ਕਿਹਾ, “ਮੇਰਾ ਟਾਰਗਟ ਜਿੱਤਣਾ ਹੈ। ਮੈਨੂੰ ਜਿੱਤਣਾ ਪਸੰਦ ਹੈ।” ਇਸ ਦੇ ਜਵਾਬ ਵਿੱਚ ਈਰਾਨ ਨੇ ਦੋਸ਼ ਲਗਾਇਆ ਕਿ ਅਮਰੀਕਾ ਸੈਨਿਕ ਦਖ਼ਲਅੰਦਾਜ਼ੀ ਲਈ ਬਹਾਨਾ ਲੱਭ ਰਿਹਾ ਹੈ।

ਯੂਰਪ ਅਤੇ ਬ੍ਰਿਟੇਨ ਦਾ ਸਖ਼ਤ ਰੁਖ, ਰਾਜਦੂਤ ਤਲਬ

ਈਰਾਨ ਵਿੱਚ ਹਿੰਸਾ ਅਤੇ ਇੰਟਰਨੈੱਟ ਬੰਦ ਕਰਨ ਦੇ ਮਾਮਲੇ ’ਤੇ ਕਈ ਯੂਰਪੀ ਦੇਸ਼ਾਂ ਨੇ ਈਰਾਨੀ ਰਾਜਦੂਤਾਂ ਨੂੰ ਤਲਬ ਕੀਤਾ ਹੈ। ਫਿਨਲੈਂਡ ਨੇ ਇੰਟਰਨੈੱਟ ਬੰਦ ਕਰਨ ਨੂੰ ਖਾਮੋਸ਼ੀ ਵਿੱਚ ਦਮਨ ਕਰਾਰ ਦਿੱਤਾ। ਨੀਦਰਲੈਂਡ, ਫਰਾਂਸ ਅਤੇ ਜਰਮਨੀ ਨੇ ਹਿੰਸਾ ਨੂੰ ਅਮਨੁੱਖੀ ਅਤੇ ਅਸਵੀਕਾਰਯੋਗ ਦੱਸਿਆ ਹੈ। ਬ੍ਰਿਟੇਨ ਅਤੇ ਯੂਰਪੀ ਸੰਘ ਨੇ ਈਰਾਨ ’ਤੇ ਨਵੇਂ ਪਾਬੰਦੀਆਂ ਦਾ ਐਲਾਨ ਕੀਤਾ ਹੈ। EU ਮੁਖੀ ਉਰਸੁਲਾ ਵਾਨ ਡਰ ਲੇਯੇਨ ਨੇ ਕਿਹਾ ਕਿ ਈਰਾਨ ਵਿੱਚ ਵੱਧ ਰਹੀਆਂ ਮੌਤਾਂ ਡਰਾਉਣੀਆਂ ਹਨ।

ਸੰਯੁਕਤ ਰਾਸ਼ਟਰ ਦੀ ਅਪੀਲ: ਹਿੰਸਾ ਤੁਰੰਤ ਰੋਕੀ ਜਾਵੇ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਪ੍ਰਮੁੱਖ ਵੋਲਕਰ ਤੁਰਕ ਨੇ ਈਰਾਨ ਨੂੰ ਅਪੀਲ ਕੀਤੀ ਹੈ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਤੁਰੰਤ ਬੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਤੰਕਵਾਦੀ ਕਹਿਣਾ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਈਰਾਨੀ ਨਾਗਰਿਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਣਾ ਚਾਹੀਦਾ ਹੈ, ਨਾ ਕਿ ਦਬਾਇਆ ਜਾਣਾ।