ਵਾਸ਼ਿੰਗਟਨ: ਸਤੰਬਰ 'ਚ ਸਾਊਦੀ ਅਰਬ ਦੇ ਦੋ ਤੇਲ ਪਲਾਂਟਾਂ 'ਤੇ ਡਰੋਨ ਤੇ ਮਿਜ਼ਾਈਲਾਂ ਜ਼ਰੀਏ ਹਮਲਾ ਕੀਤਾ ਗਿਆ ਸੀ। ਇਸ ਕਾਰਨ ਸਾਊਦੀ ਦੇ ਤੇਲ ਦਾ ਉਤਪਾਦਨ ਲਗਪਗ ਹਫਤੇ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਵਿਦਰੋਹੀਆਂ ਨੇ ਲਈ ਸੀ ਪਰ ਸਾਊਦੀ ਨੇ ਇਸ ਪਿੱਛੇ ਇਰਾਨ ਦਾ ਹੱਥ ਦੱਸਿਆ ਸੀ।
ਹੁਣ ਇੱਕ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਹਮਲੇ ਦੀ ਸਾਜ਼ਿਸ਼ ਇਰਾਨ ਵਿੱਚ ਹੀ ਤਿਆਰ ਹੋਈ ਸੀ। ਅਰਾਮਕੋ ‘ਤੇ ਹਮਲੇ ਤੋਂ 4 ਮਹੀਨੇ ਪਹਿਲਾਂ ਇਰਾਨ ਦੇ ਸੈਨਿਕ ਅਧਿਕਾਰੀਆਂ ਨੇ ਹਮਲੇ ਦੀ ਸਾਜ਼ਿਸ਼ ਰਚਣ ਲਈ ਉੱਚ ਪੱਧਰੀ ਬੈਠਕ ਕੀਤੀ ਸੀ।
ਖ਼ਬਰ ਏਜੰਸੀ ਰਾਇਟਰਜ਼ ਨੇ ਬੈਠਕ ਵਿੱਚ ਸ਼ਾਮਲ 4 ਲੋਕਾਂ ਦੇ ਹਵਾਲੇ ਤੋਂ ਇਹ ਖ਼ੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਇਰਾਨੀ ਅਧਿਕਾਰੀ ਪਰਮਾਣੂ ਸੰਧੀ ਤੋਂ ਬਾਹਰ ਹੋਣ ਤੇ ਤਹਿਰਾਨ ‘ਤੇ ਪਾਬੰਧੀ ਲਾਗੂ ਕਰਨ ਲਈ ਅਮਰੀਕਾ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ। ਬੈਠਕ ਵਿੱਚ ਅਧਿਕਾਰੀਆਂ ਵਿਚਾਲੇ ਇਸੇ ਮੁੱਦੇ ‘ਤੇ ਚਰਚਾ ਹੋਈ ਸੀ।
ਮੀਟਿੰਗ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਇਰਾਨੀ ਰੈਵੈਲਿਊਸ਼ਨਰੀ ਗਾਰਡ ਦੇ ਵੱਡੇ ਕਮਾਂਡਰ ਨੇ ਇੱਥੋਂ ਤਕ ਕਹਿ ਦਿੱਤਾ ਕਿ ਇਹ ਸਮਾਂ ਹੈ ਜਦੋਂ ਅਸੀਂ ਆਪਣੀਆਂ ਤਲਵਾਰਾਂ ਕੱਢੀਏ ਤੇ ਅਮਰੀਕਾ ਨੂੰ ਸਬਕ ਸਿਖਾਈਏ। ਕਈ ਅਫ਼ਸਰਾਂ ਨੇ ਮੀਟਿੰਗਾਂ ਵਿੱਚ ਅਮਰੀਕਾ ਦੇ ਅਹਿਮ ਟਿਕਾਣਿਆਂ ਨੂੰ ਤਬਾਹ ਕਰਨ ਦੀ ਵੀ ਗੱਲ ਕਹੀ ਸੀ।
ਹਾਲਾਂਕਿ ਸੰਯੁਕਤ ਰਾਸ਼ਟਰ ਵਿੱਚ ਇਰਾਨ ਦੇ ਬੁਲਾਰੇ ਅਲਿਰੇਜਾ ਮੀਰਯੂਸਫੀ ਨੇ ਰਾਇਟਰਜ਼ ਦੇ ਖ਼ੁਲਾਸੇ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਸਾਊਦੀ ‘ਤੇ ਹੋਏ ਹਮਲੇ ਵਿੱਚ ਇਰਾਨ ਦਾ ਕੋਈ ਹੱਥ ਨਹੀਂ ਤੇ ਨਾ ਹੀ ਆਪਰੇਸ਼ਨ ਲਈ ਫੌਜ ਅਧਿਕਾਰੀਆਂ ਦੀ ਕੋਈ ਬੈਠਕ ਹੋਈ।