Israel-Iran War: ਇਜ਼ਰਾਈਲ-ਈਰਾਨ ਜੰਗ ਵਿਚਾਲੇ ਅਮਰੀਕਾ ਦੀ ਬੇਹੱਦ ਬੇਇੱਜ਼ਤੀ ਹੋ ਰਹੀ ਹੈ। ਰਾਸ਼ਟਰਪਤੀ ਟਰੰਪ ਖਿਲਾਫ ਅਮਰੀਕਾ ਦੇ ਅੰਦਰੋਂ ਹੀ ਆਵਾਜ਼ਾਂ ਉੱਠਣ ਲੱਗੀਆਂ ਹਨ। ਇਸ ਦੌਰਾਨ ਹੀ ਅਮਰੀਕੀ ਮੀਡੀਆ ਹਾਊਸ ਸੀਐਨਐਨ ਤੇ ਨਿਊਯਾਰਕ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਵੀ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਨਹੀਂ ਹੋਇਆ। ਇਸ ਦਾਅਵੇ ਮਗਰੋਂ ਟਰੰਪ ਕਸੂਤੇ ਘਿਰਦੇ ਨਜ਼ਰ ਆ ਰਹੇ ਹਨ। 

ਮੀਡੀਆ ਰਿਪੋਰਟਾਂ ਮੁਤਾਬਕ ਇਹ ਦਾਅਵਾ ਇੱਕ ਗੁਪਤ ਰਿਪੋਰਟ ਦੇ ਆਧਾਰ 'ਤੇ ਕੀਤਾ ਗਿਆ ਹੈ। ਇਹ ਰਿਪੋਰਟ ਈਰਾਨ 'ਤੇ ਅਮਰੀਕੀ ਹਮਲੇ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣ ਬਾਰੇ ਹੈ। ਇੱਕ ਗੁਪਤ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਹਮਲੇ ਕਾਰਨ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਸਿਰਫ ਕੁਝ ਮਹੀਨਿਆਂ ਲਈ ਪੱਛੜ ਗਿਆ ਹੈ। ਉਧਰ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਕਸ 'ਤੇ ਪੋਸਟ ਕਰਕੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ। 

ਉਨ੍ਹਾਂ ਨੇ ਸੀਐਨਐਨ ਤੇ ਐਨਵਾਈਟੀ ਦੀਆਂ ਰਿਪੋਰਟਾਂ ਨੂੰ ਜਾਅਲੀ ਖ਼ਬਰਾਂ ਕਰਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕਾ ਦੁਬਾਰਾ ਹਮਲਾ ਕਰੇਗਾ। ਟਰੰਪ ਨੇ ਕਿਹਾ, 'ਈਰਾਨ ਦਾ ਅੰਤਮ ਟੀਚਾ ਪ੍ਰਮਾਣੂ ਹਥਿਆਰ ਤਿਆਰ ਕਰਨਾ ਹੈ। ਉਹ ਇਸ ਨੂੰ ਪੂਰਾ ਕਰਨਾ ਚਾਹੁੰਦੇ ਹਨ।'

ਦੂਜੇ ਪਾਸੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਐਸੋਸੀਏਸ਼ਨ (ਆਈਏਈਏ) ਦੇ ਮੁਖੀ ਗ੍ਰੋਸੀ ਨੇ ਵਿਆਨਾ ਵਿੱਚ ਆਸਟ੍ਰੀਆ ਦੀ ਕੈਬਨਿਟ ਮੀਟਿੰਗ ਵਿੱਚ ਕਿਹਾ ਕਿ ਇਜ਼ਰਾਈਲੀ ਤੇ ਅਮਰੀਕੀ ਹਮਲਿਆਂ ਨੇ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਸਿਰਫ ਕੁਝ ਮਹੀਨਿਆਂ ਲਈ ਪਿੱਛੇ ਧੱਕਿਆ ਹੈ। ਗ੍ਰੋਸੀ ਨੇ ਕਿਹਾ ਕਿ ਇਸ ਸਮੇਂ ਆਈਏਈਏ ਦੀ ਮੁੱਖ ਤਰਜੀਹ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਦਾ ਦੌਰਾ ਕਰਨਾ ਹੈ ਤਾਂ ਜੋ ਪ੍ਰਮਾਣੂ ਪ੍ਰੋਗਰਾਮ 'ਤੇ ਹਮਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ।

ਦੱਸ ਦਈਏ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗਬੰਦੀ 12ਵੇਂ ਦਿਨ ਮੰਗਲਵਾਰ ਨੂੰ ਹੋਈ। ਦੋਵਾਂ ਦੇਸ਼ਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਇਸ ਯੁੱਧ ਵਿੱਚ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ, ਜਿਸ ਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸ਼ੇਰ ਵਾਂਗ ਉੱਠੇ ਤੇ ਸਾਡੀ ਗਰਜ ਨੇ ਤਹਿਰਾਨ ਨੂੰ ਹਿਲਾ ਦਿੱਤਾ।

ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪ੍ਰਮਾਣੂ ਪ੍ਰੋਗਰਾਮ ਨੂੰ ਨਹੀਂ ਰੋਕੇਗਾ। ਉਨ੍ਹਾਂ ਕਿਹਾ ਕਿ 'ਅਸੀਂ ਇਸ ਤਕਨਾਲੋਜੀ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਸਾਡੇ ਵਿਗਿਆਨੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ।' ਕੱਲ੍ਹ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਜਿੱਤ ਦਾ ਜਸ਼ਨ ਵੀ ਕੀਤਾ ਗਿਆ ਸੀ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਤੋਂ ਪਹਿਲਾਂ ਮੰਗਲਵਾਰ ਸਵੇਰੇ 3:30 ਵਜੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਬਾਰੇ ਜਾਣਕਾਰੀ ਦਿੱਤੀ।