ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ‘ਤੇ ਹੋਰ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਹੁਣ ਇਰਾਨ ਦੇ ਵੱਡੇ ਨੇਤਾ ਅਨਾਇਤੁੱਲ੍ਹਾ ਅਲੀ ਖਮੇਨੀ ਤੇ ਉਸ ਦੀ ਸੈਨਾ ਦੇ ਅੱਠ ਵੱਡੇ ਸੈਨਿਕ ਕਮਾਂਡਰ ਅਮਰੀਕਾ ਦੀਆਂ ਵਿੱਤੀ ਸੁਵਿਧਾਵਾਂ ਦਾ ਫਾਇਦਾ ਨਹੀਂ ਲੈ ਸਕਣਗੇ। ਇਰਾਨ ਨੇ ਬੀਤੇ ਬੁੱਧਵਾਰ ਨੂੰ ਅਮਰੀਕਾ ਦੇ ਦੋ ਡ੍ਰੋਨ ਡੇਗ ਦਿੱਤੇ ਸੀ। ਇਸ ਤੋਂ ਬਾਅਦ ਟਰੰਪ ਨੇ ਇਹ ਫੈਸਲਾ ਲਿਆ।

ਟਰੰਪ ਨੇ ਟ੍ਰੇਜਰੀ ਸਕੱਤਰ ਸਟੀਵਨ ਮੈਨੂਚਿਨ ਦੀ ਮੌਜੂਦਗੀ ‘ਚ ਪਾਬੰਦੀਆਂ ਵਾਲੇ ਕਾਗਜ਼ਾਂ ‘ਤੇ ਦਸਤਖ਼ਤ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਇਰਾਨ ਨੂੰ ਕਦੇ ਪ੍ਰਮਾਣੂ ਹਥਿਆਰ ਨਹੀਂ ਬਣਾਉਣ ਦਿਆਂਗੇ। ਅਸੀਂ ਹੁਣ ਤਕ ਇਸ ਮਾਮਲੇ ‘ਚ ਕਾਫੀ ਕੰਟਰੋਲ ਕੀਤਾ ਹੈ, ਪਰ ਹੁਣ ਇਰਾਨ ‘ਤੇ ਦਬਾਅ ਬਣਾ ਕੇ ਰੱਖਿਆ ਜਾਵੇਗਾ।

ਉਧਰ, ਇੱਕ ਰਿਪੋਰਟ ਮੁਤਾਬਕ ਅਮਰੀਕਾ ਨੇ ਪਿਛਲੇ ਦਿਨੀਂ ਇਰਾਨ ਦੇ ਮਿਸਾਇਲ ਕੰਟ੍ਰੋਲ ਸਿਸਟਮ ਤੇ ਜਾਸੂਸੀ ਨੈੱਟਵਰਕ ‘ਤੇ ਕਈ ਵਾਰ ਸੈਟੇਲਾਈਟ ਹਮਲੇ ਕੀਤੇ ਹਨ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ‘ਚ ਇਰਾਨ ਦੇ ਰਾਜਦੂਤ ਮਾਜਿਦ ਤਖ਼ਤ ਰਵਾਂਚੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਜਦੋਂ ਤਕ ਇਰਾਨ ਨੂੰ ਪਾਬੰਦੀ ਦੇ ਦਬਾਅ ਦੀ ਧਮਕੀ ਦਿੰਦਾ ਰਹੇਗਾ, ਇਰਾਨ ਉਸ ਨਾਲ ਗੱਲਬਾਤ ਨਹੀਂ ਕਰੇਗਾ।

ਉਨ੍ਹਾਂ ਕਿਹਾ, “ਅਸੀਂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਾਂ। ਅਮਰੀਕਾ ਦੇ ਇੱਕ ਵਾਰ ਫੇਰ ਇਰਾਨ ‘ਤੇ ਦਬਾਅ ਪਾਇਆ ਹੈ। ਉਸ ਨੇ ਸਾਡੇ ‘ਤੇ ਹੋਰ ਪਾਬੰਦੀਆਂ ਲਾਈਆਂ ਹਨ। ਜਦੋਂ ਤਕ ਉਸ ਦੀ ਇਹੀ ਰਣਨੀਤੀ ਰਹੇਗੀ, ਉਦੋਂ ਤਕ ਇਰਾਨ ਤੇ ਅਮਰੀਕਾ ‘ਚ ਗੱਲਬਾਤ ਨਹੀਂ ਹੋ ਸਕਦੀ।” ਇਸ ਦੇ ਨਾਲ ਹੀ ਰਵਾਂਚੀ ਨੇ ਕਿਹਾ ਕਿ ਅਮਰੀਕਾ ਦਾ ਇਹ ਫੈਸਲਾ ਇਰਾਨ ਦੇ ਲੋਕਾਂ ਤੇ ਉੱਥੇ ਦੇ ਨੇਤਾਵਾਂ ਪ੍ਰਤੀ ਦੁਸ਼ਮਣੀ ਦਾ ਇਸ਼ਾਰਾ ਹੈ।