ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਕਾਰਨ ਦੁਨੀਆ ਵਿੱਚ ਵਿਸ਼ਵ ਯੁੱਧ ਛਿੜਨ ਦੀ ਸੰਭਾਵਨਾ ਹੈ। ਇਹ ਖੁਲਾਸਾ ਹੋਇਆ ਹੈ ਕਿ ਇਜ਼ਰਾਈਲ ਵੱਲੋਂ ਈਰਾਨ 'ਤੇ ਕੀਤੇ ਗਏ ਘਾਤਕ ਹਵਾਈ ਹਮਲੇ ਵਿੱਚ 78 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਈਰਾਨ ਨੇ ਵੀ ਇਜ਼ਰਾਈਲ ਵਿਰੁੱਧ ਜਵਾਬੀ ਕਾਰਵਾਈ ਕੀਤੀ ਤੇ ਇਸਦੇ ਫੌਜੀ ਠਿਕਾਣਿਆਂ ਅਤੇ ਨਾਗਰਿਕਾਂ 'ਤੇ ਹਮਲਾ ਕੀਤਾ।

ਇਸ ਦੌਰਾਨ ਈਰਾਨ ਨੇ ਪੱਛਮੀ ਦੇਸ਼ਾਂ ਨੂੰ ਇੱਕ ਵੱਡੀ ਚੇਤਾਵਨੀ ਦਿੱਤੀ ਹੈ। ਈਰਾਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜੇ ਪੱਛਮੀ ਦੇਸ਼ ਇਜ਼ਰਾਈਲ ਦਾ ਸਮਰਥਨ ਕਰਦੇ ਹਨ, ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ। ਈਰਾਨ ਨੇ ਕਿਹਾ ਹੈ ਕਿ ਜੇਕਰ ਪੱਛਮੀ ਦੇਸ਼ ਈਰਾਨੀ ਹਵਾਈ ਹਮਲੇ ਨੂੰ ਰੋਕਣ ਵਿੱਚ ਮਦਦ ਕਰਦੇ ਹਨ, ਤਾਂ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਫੌਜੀ ਠਿਕਾਣਿਆਂ ਅਤੇ ਉਨ੍ਹਾਂ ਦੇ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦੇ ਲੋਕਾਂ ਨੂੰ ਤਾਨਾਸ਼ਾਹੀ ਨੂੰ ਜੜ੍ਹੋਂ ਪੁੱਟਣ ਦੀ ਅਪੀਲ ਕੀਤੀ ਹੈ। ਬੈਂਜਾਮਿਨ ਨੇਤਨਯਾਹੂ ਨੇ ਈਰਾਨ ਦੇ ਲੋਕਾਂ ਨੂੰ ਉੱਥੇ ਦੀ ਤਾਨਾਸ਼ਾਹੀ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਜ਼ਰਾਈਲ ਦੀ ਲੜਾਈ ਤੁਹਾਡੇ ਵਿਰੁੱਧ ਨਹੀਂ, ਸਗੋਂ ਈਰਾਨ ਦੀ ਤਾਨਾਸ਼ਾਹੀ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਦਾ ਫੌਜੀ ਆਪ੍ਰੇਸ਼ਨ ਈਰਾਨ ਦੇ ਲੋਕਾਂ ਦੀ ਆਜ਼ਾਦੀ ਦਾ ਰਾਹ ਪੱਧਰਾ ਕਰੇਗਾ।

ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਗੁੱਸੇ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਜੰਗ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਉਹ ਇਸ ਜੰਗ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਇਸ ਅਪਰਾਧ ਤੋਂ ਬਚ ਨਹੀਂ ਸਕੇਗਾ ਤੇ ਇਸਨੇ ਆਪਣੇ ਲਈ ਇੱਕ ਦਰਦਨਾਕ ਕਿਸਮਤ ਚੁਣੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਲਈ ਨਰਕ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ ਅਸੀਂ ਉਨ੍ਹਾਂ ਨੂੰ ਤਬਾਹ ਕਰ ਦੇਵਾਂਗੇ।

ਇਰਾਨ ਵੱਲੋਂ ਇਜ਼ਰਾਈਲ 'ਤੇ ਲਏ ਗਏ ਬਦਲੇ ਨੂੰ ਆਪ੍ਰੇਸ਼ਨ ਟਰੂ ਪ੍ਰੋਮਿਸ 3 ਦਾ ਨਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਨੂੰ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦਾ ਨਾਮ ਦਿੱਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :