ਤਹਿਰਾਨ: ਇਰਾਨ ਦੇ ਇੱਕ ਸਾਂਸਦ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਲਈ 21 ਕਰੋੜ ਰੁਪਏ ਦਾ ਇਨਾਮ ਰੱਖਿਆ ਹੈ। ਇਰਾਨ ਦੇ ਕਹਿਨੁਜ਼ ਸ਼ਹਿਰ ਦੇ ਸਾਂਸਦ ਅਹਿਮਦ ਹਾਮਜੇ ਨੇ ਕਿਹਾ ਹੈ ਕਿ ਇਹ ਇਨਾਮ ਕੇਰਮਾਨ ਦੇ ਲੋਕਾਂ ਵੱਲੋਂ ਹੋਵੇਗਾ। ਕੇਰਮਾਨ ਉਹੀ ਜਗ੍ਹਾ ਹੈ ਜਿੱਥੇ ਜਨਰਲ ਕਾਸਿਮ ਸੁਲੇਮਾਨੀ ਨੂੰ ਦਫ਼ਨ ਕੀਤਾ ਗਿਆ ਹੈ।

ਹਾਮਜੇ ਨੇ ਸੰਸਦ ਵਿੱਚ ਇੱਥੋਂ ਤੱਕ ਕਿਹਾ ਕਿ "ਇਰਾਨ ਨੂੰ ਆਪਣੀ ਰੱਖਿਆ ਲਈ ਪਰਮਾਣੂ ਹਥਿਆਰਾਂ ਦੀ ਉਸਾਰੀ ਕਰਨੀ ਚਾਹੀਦੀ ਹੈ। ਜੇ ਸਾਡੇ ਕੋਲ ਅੱਜ ਪ੍ਰਮਾਣੂ ਹਥਿਆਰ ਹੁੰਦੇ, ਤਾਂ ਅਸੀਂ ਖ਼ਤਰਿਆਂ ਤੋਂ ਸੁਰੱਖਿਅਤ ਹੁੰਦੇ। ਹੁਣ ਸਾਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਨਾਲ ਪ੍ਰਮਾਣੂ ਹਥਿਆਰ ਲੈ ਸੱਕਣ। ਸਾਡੀ ਸੁਰੱਖਿਆ ਸਾਡਾ ਹੱਕ ਹੈ "

ਸੰਯੁਕਤ ਰਾਸ਼ਟਰ ਵਿੱਚ ਨਿਹੱਥੇਬੰਦੀ ਲਈ ਅਮਰੀਕੀ ਰਾਜਦੂਤ ਰੋਬ੍ਰਟ ਵੁੱਡ ਨੇ ਹਮਜੇ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਜੈਨੇਵਾ ਵਿੱਚ ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਵੁਡ ਨੇ ਕਿਹਾ, “ਇਰਾਨ ਵੱਲੋਂ ਇਸ ਤਰ੍ਹਾਂ ਦੇ ਬਿਆਨ ਉਸ ਦੇ ਸ਼ਾਸਨ ਦਾ ਅੱਤਵਾਦੀ ਚਿਹਰਾ ਦਰਸਾਉਂਦੇ ਹਨ।” ਉਨ੍ਹਾਂ ਕਿਹਾ ਕਿ ਇਰਾਨ ਦੇ ਬਿਆਨ ਬਕਵਾਸ ਹਨ ਤੇ ਅਧਿਆਤਮਕ ਰਾਜ ਨੂੰ ਜਲਦੀ ਤੋਂ ਜਲਦੀ ਆਪਣੇ ਵਤੀਰੇ ਨੂੰ ਬਦਲਣਾ ਚਾਹੀਦਾ ਹੈ।