ਨਵੀਂ ਦਿੱਲੀ: ਹੁਣੇ-ਹੁਣੇ ਰਿਲੀਜ਼ ਹੋਈ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਇਸਲਾਮਿਕ ਸਟੇਟ (ਆਈਐਸ) ਅੱਤਵਾਦੀ ਜਥੇਬੰਦੀ ਪਾਕਿਸਤਾਨ ਸਾਹਮਣੇ ਵੱਡਾ ਖਤਰਾ ਬਣ ਰਹੀ ਹੈ। ਆਈਐਸ ਬੇਹੱਦ ਖਤਰਨਾਕ ਢੰਗ ਨਾਲ ਪਾਕਿਸਤਾਨ ਵਿੱਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਆਇਆ ਹੈ ਕਿ ਮੁਲਕ ਵਿੱਚ ਆਈ.ਐਸ. ਜਥੇਬੰਦੀ ਦੀ ਮੌਜੂਦਗੀ ਹੈ। ਜਦਕਿ ਜਥੇਬੰਦੀ ਦਾ ਦਾਅਵਾ ਹੈ ਕਿ ਪਾਕਿਸਤਾਨ ਦੇ ਬਲੂਚੀਸਤਾਨ ਵਿੱਚ ਹੋਏ ਕਈ ਹਮਲਿਆਂ ਨੂੰ ਉਸ ਨੇ ਹੀ ਅੰਜ਼ਾਮ ਦਿੱਤਾ ਹੈ। ਪਾਕਿਸਤਾਨ ਦੇ 'ਡਾਨ' ਅਖਬਾਰ ਦੀ ਖਬਰ ਮੁਤਾਬਕ ਪਾਕਿਸਤਾਨ ਇੰਸਟੀਟਿਊਟ ਫੌਰ ਪੀਸ ਸਟਡੀਜ਼ (ਪੀਆਈਪੀਐਸ) ਦੀ ਸੁਰੱਖਿਆ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ ਕਿ ਆਈਐਸ ਜੋ ਖਾਸ ਤੌਰ 'ਤੇ ਉੱਤਰੀ ਸਿੰਧ ਤੇ ਬਲੂਚੀਸਤਾਨ ਵਿੱਚ ਐਕਟਿਵ ਹੈ, ਉਹ ਪਿਛਲੇ ਸਾਲ ਚੀਨ ਦੇ ਦੋ ਨਾਗਰਿਕਾਂ ਦੀ ਕਿਡਨੈਪਿੰਗ ਤੇ ਕਤਲ ਵਿੱਚ ਵੀ ਸ਼ਾਮਲ ਸੀ। ਰਿਪੋਰਟ ਵਿੱਚ ਲਿਖਿਆ ਹੈ ਕਿ ਤਹਿਰੀਕ ਦੇ ਤਾਲਿਬਾਨ ਪਾਕਿਸਤਾਨ, ਜਮਾਤੁਲ ਅਹਿਰਾਰ ਤੇ ਹੋਰ ਅੱਤਵਾਦੀ ਜਥੇਬੰਦੀਆਂ ਨੇ 58 ਫੀਸਦੀ ਵਾਰਦਾਤਾਂ ਕੀਤੀਆਂ ਜਦਕਿ 58 ਫੀਸਦੀ ਹਮਲਿਆਂ ਨੂੰ ਅੰਜ਼ਾਮ ਵਿਦਰੋਹੀਆਂ ਨੇ ਹਿੰਸਕ ਜਥੇਬੰਦੀਆਂ ਨੇ ਦਿੱਤਾ। ਪਾਕਿਸਤਾਨ ਵਿੱਚ ਆਈ.ਐਸ. ਦੀ ਮੌਜ਼ੂਦਗੀ ਵੱਧ ਰਹੀ ਹੈ। ਉਸ ਵੱਲੋਂ 6 ਖਤਰਨਾਕ ਹਮਲਿਆਂ ਵਿੱਚ 153 ਲੋਕਾਂ ਦਾ ਕਤਲ ਕੀਤਾ। ਸਾਲ 2017 ਵਿੱਚ ਪਾਕਿਸਤਾਨ ਵਿੱਚ 370 ਅੱਤਵਾਦੀ ਹਮਲੇ ਹੋਏ। ਇਸ ਵਿੱਚ 815 ਮੌਤਾਂ ਹੋਈਆਂ, ਜਦਕਿ 1736 ਲੋਕ ਜ਼ਖਮੀ ਹੋਏ।