ਲੰਡਨ : ਬਰਤਾਨੀਆ ਦੀ ਪੁਲਿਸ ਨੇ ਆਈ ਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਇੱਕ ਮਹਿਲਾ ਮਾਡਲ ਨੂੰ ਗ੍ਰਿਫ਼ਤਾਰ ਕੀਤਾ ਹੈ। 27 ਸਾਲ ਦੀ ਕਿੰਬਲੇ ਮਾਈਨਰਸ ਨਾਮਕ ਇਸ ਮਾਡਲ ਉੱਤੇ ਕਾਫ਼ੀ ਸਮੇਂ ਤੋਂ ਪੁਲਿਸ ਦੀ ਨਜ਼ਰ ਸੀ। ਪੁਲਿਸ ਅਨੁਸਾਰ ਇਹ ਮਾਡਲ ਸੋਸ਼ਲ ਮੀਡੀਆ ਰਾਹੀਂ ਆਈ ਐਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਸੀ।


ਪੁਲਿਸ ਦਾ ਦਾਅਵਾ ਹੈ ਕਿ ਇਹ ਮਾਡਲ ਆਈ ਐਸ ਦੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਦੀ ਸੀ ਜਿਸ ਤੋਂ ਬਾਅਦ ਬਰਤਾਨੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਉਸ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਆਖ਼ਰਕਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਰਤਾਨੀਆ ਦੇ ਮੀਡੀਆ ਅਨੁਸਾਰ ਕਿੰਬਲੇ ਨੇ ਆਪਣਾ ਨਾਮ ਬਦਲ ਕੇ ਆਇਸ਼ਾ ਅੱਲ ਬਿਰਟਾਨੀਆ ਰੱਖ ਲਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਫੇਸ ਬੁੱਕ ਪੇਜ ਉੱਤੇ ਹਥਿਆਰਾਂ ਅਤੇ ਮੁਸਲਿਮ ਮਹਿਲਾਵਾਂ ਦੀਆਂ ਤਸਵੀਰਾਂ ਪੋਸਟ ਕਰਦੀ ਸੀ।
ਪੁਲਿਸ ਨੇ ਕਿੰਬਲੇ ਦੇ ਘਰ ਉੱਤੇ ਵੀ ਛਾਪਾ ਮਾਰਿਆ ਹੈ। ਫ਼ਿਲਹਾਲ ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ ਪਰ ਫਿਰ ਉਸ ਉਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਬਣੀ ਹੋਈ ਹੈ। ਦੂਜੇ ਪਾਸੇ ਕਿੰਬਲੇ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਿਸੇ ਨੇ ਝੂਠਾ ਫੇਸ ਬੁੱਕ ਆਈ ਡੀ ਬਣਾਇਆ ਅਤੇ ਉਸ ਉੱਤੇ ਇਤਰਾਜ਼ ਯੋਗ ਤਸਵੀਰਾਂ ਪੋਸਟ ਕੀਤੀਆਂ।