Israel Hamas War: ਇਜ਼ਰਾਈਲੀ ਫੌਜ ਨੇ ਹਮਾਸ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਹੈ। ਅਜਿਹੇ 'ਚ ਇਜ਼ਰਾਈਲ ਪਿਛਲੇ 80 ਦਿਨਾਂ ਤੋਂ ਗਾਜ਼ਾ ਪੱਟੀ 'ਚ ਹਮਾਸ ਦੇ ਟਿਕਾਣਿਆਂ 'ਤੇ ਲਗਾਤਾਰ ਬੰਬਾਰੀ ਕਰ ਰਿਹਾ ਹੈ। ਹੁਣ ਤੱਕ ਹਮਾਸ ਦੇ ਹਜ਼ਾਰਾਂ ਟਿਕਾਣਿਆਂ ਨੂੰ ਇਜ਼ਰਾਈਲੀ ਬੰਬਾਰੀ ਵਿੱਚ ਤਬਾਹ ਕਰ ਦਿੱਤਾ ਗਿਆ ਹੈ, ਹਾਲਾਂਕਿ ਹਮਾਸ ਦੀਆਂ ਕਈ ਸੁਰੰਗਾਂ ਅਜੇ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਹਮਾਸ ਦੇ ਲੜਾਕੇ ਸੁਰੱਖਿਅਤ ਹਨ। ਅਜਿਹੇ 'ਚ ਹੁਣ ਇਜ਼ਰਾਇਲੀ ਫੌਜ ਹਮਾਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਪਾਣੀ ਨਾਲ ਤਬਾਹੀ ਮਚਾਉਣ ਦੀ ਯੋਜਨਾ ਬਣਾ ਰਹੀ ਹੈ।


ਦਰਅਸਲ, ਇਜ਼ਰਾਈਲ ਹੁਣ ਹਮਾਸ ਦੀਆਂ ਅੰਡਰਗਰਾਊਂਡ ਸੁਰੰਗਾਂ ਨੂੰ ਖਾਰੇ ਸਮੁੰਦਰ ਦੇ ਪਾਣੀ ਨਾਲ ਭਰਨ ਦੀ ਯੋਜਨਾ ਬਣਾ ਰਿਹਾ ਹੈ। ਇਜ਼ਰਾਈਲੀ ਰੱਖਿਆ ਬਲ ਦਾ ਮੰਨਣਾ ਹੈ ਕਿ ਹਮਾਸ ਦੀਆਂ ਸਾਰੀਆਂ ਸਥਿਤੀਆਂ ਨੂੰ ਸਮੁੰਦਰ ਦੇ ਪਾਣੀ ਦੁਆਰਾ ਤਬਾਹ ਕਰ ਦਿੱਤਾ ਜਾਵੇਗਾ। ਹਾਲਾਂਕਿ ਇਕ ਸੀਨੀਅਰ ਹਾਈਡ੍ਰੋਲੋਜਿਸਟ ਨੇ ਇਸਰਾਈਲ ਦੀ ਇਸ ਯੋਜਨਾ 'ਤੇ ਚਿੰਤਾ ਪ੍ਰਗਟਾਈ ਹੈ।


ਗਾਰਜੀਅਨ ਨਾਲ ਗੱਲ ਕਰਦਿਆਂ ਹੋਇਆਂ ਇੱਕ ਹਾਈਡ੍ਰੋਲੋਜਿਸਟ ਨੇ ਕਿਹਾ ਕਿ ਹਮਾਸ ਦੇ ਸੁਰੰਗ ਨੈਟਵਰਕ ਨੂੰ ਸਮੁੰਦਰੀ ਪਾਣੀ ਨਾਲ ਭਰਨ ਦੀ ਇਜ਼ਰਾਈਲ ਦੀ ਸੰਭਾਵਿਤ ਯੋਜਨਾ ਗਾਜ਼ਾ ਦੇ ਆਮ ਲੋਕਾਂ ਨੂੰ ਪ੍ਰਭਾਵਤ ਕਰੇਗੀ।


ਇਹ ਵੀ ਪੜ੍ਹੋ: JN.1 cases in india: ਮੁੜ ਪੈਰ ਪਸਾਰ ਰਿਹਾ ਕੋਰੋਨਾ! ਹੋ ਜਾਓ ਸਾਵਧਾਨ, 6 ਸੂਬਿਆਂ 'ਚ ਕੋਰੋਨਾ ਦੇ 63 ਮਾਮਲੇ ਆਏ ਸਾਹਮਣੇ


ਬਦ ਤੋਂ ਬਦਤਰ ਹੋ ਜਾਵੇਗੀ ਗਾਜ਼ਾ ਦੀ ਸਥਿਤੀ


ਜਲ-ਵਿਗਿਆਨੀ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਆਪਣੀ ਯੋਜਨਾ ਅਨੁਸਾਰ ਹਮਾਸ ਦੀਆਂ ਸੁਰੰਗਾਂ ਵਿਚ ਸਮੁੰਦਰੀ ਪਾਣੀ ਛੱਡਦਾ ਹੈ ਤਾਂ ਗਾਜ਼ਾ ਵਿਚ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ। ਇੱਥੇ ਪਹਿਲਾਂ ਹੀ ਪੀਣ ਵਾਲੇ ਪਾਣੀ ਅਤੇ ਭੋਜਨ ਦੀ ਘਾਟ ਹੈ। ਅਤੇ ਇਜ਼ਰਾਈਲ ਦੇ ਇਸ ਕਦਮ ਕਾਰਨ ਗਾਜ਼ਾ ਦੇ ਲੋਕ ਭੁੱਖ ਅਤੇ ਪਿਆਸ ਨਾਲ ਮਰਨ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ 141 ਵਰਗ ਮੀਲ ਖੇਤਰ ਵਿੱਚ ਜੋ ਥੋੜ੍ਹੀ ਜਿਹੀ ਖੇਤੀ ਹੈ, ਉਹ ਸਮੁੰਦਰ ਦੇ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ।


ਪੰਪ ਤਾਇਨਾਤ ਕਰ ਚੁੱਕਿਆ ਇਜ਼ਰਾਈਲ


ਮੀਡੀਆ ਰਿਪੋਰਟਾਂ, ਤਸਵੀਰਾਂ ਅਤੇ ਸੈਟੇਲਾਈਟ ਚਿੱਤਰਾਂ ਤੋਂ ਪਤਾ ਲੱਗਾ ਹੈ ਕਿ ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਗਾਜ਼ਾ ਪੱਟੀ ਦੇ ਪੂਰਬੀ ਤੱਟ 'ਤੇ ਪੰਪ ਲਗਾਏ ਹਨ, ਜਿਨ੍ਹਾਂ ਦੀ ਵਰਤੋਂ ਉਹ ਲੱਖਾਂ ਗੈਲਨ ਸਮੁੰਦਰੀ ਪਾਣੀ ਨੂੰ ਸੁਰੰਗਾਂ ਵਿੱਚ ਪੰਪ ਕਰਨ ਲਈ ਕਰ ਸਕਦੇ ਹਨ। ਯੂਐਸ ਮਿਲਟਰੀ ਅਕੈਡਮੀ ਵੈਸਟ ਪੁਆਇੰਟ ਦੇ ਇੱਕ ਅਧਿਐਨ ਦੇ ਅਨੁਸਾਰ, ਅਕਤੂਬਰ ਵਿੱਚ ਯੁੱਧ ਦੀ ਸ਼ੁਰੂਆਤ ਵਿੱਚ ਗਾਜ਼ਾ ਵਿੱਚ 310 ਮੀਲ (500 ਕਿਲੋਮੀਟਰ) ਵਿੱਚ ਫੈਲੀਆਂ 1,300 ਸੁਰੰਗਾਂ ਸਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਭਰਨ ਲਈ ਹਜ਼ਾਰਾਂ ਲੀਟਰ ਪਾਣੀ ਲੱਗੇਗਾ।


ਦੱਸ ਦਈਏ ਕਿ ਹਮਾਸ ਦੇ ਲੜਾਕੇ ਗਾਜ਼ਾ ਵਿੱਚ ਮੌਜੂਦ ਸੁਰੰਗਾਂ ਰਾਹੀਂ ਗੁਰੀਲਾ ਜੰਗ ਛੇੜਦੇ ਸਨ। ਫਿਲਹਾਲ ਇਸ ਯੋਜਨਾ ਨੂੰ ਲੈ ਕੇ ਇਜ਼ਰਾਈਲ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।


ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਨਿਆਂ ਸੰਹਿਤਾ, ਭਾਰਤੀ ਸਿਵਲ ਡਿਫੈਂਸ ਕੋਡ ਅਤੇ ਭਾਰਤੀ ਸਬੂਤ ਬਿੱਲ ਨੂੰ ਦਿੱਤੀ ਮਨਜ਼ੂਰੀ