ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਸੋਮਵਾਰ ਨੂੰ ਇਜ਼ਰਾਈਲੀ ਸੰਸਦ ਨੇਸੈਟ ਦਾ ਸੈਸ਼ਨ ਸ਼ੁਰੂ ਹੋਇਆ। ‘ਟਾਈਮਜ਼ ਆਫ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਮਾਸ ਵੱਲੋਂ ਤੇਲ ਅਵੀਵ ਅਤੇ ਯੇਰੂਸ਼ਲਮ ‘ਤੇ ਲੰਬੀ ਦੂਰੀ ਦੇ ਰਾਕੇਟ ਦਾਗੇ ਗਏ। ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਸਮੇਤ ਸਾਰੇ ਸੰਸਦ ਮੈਂਬਰ ਕੁਝ ਸਮੇਂ ਲਈ ਸੰਸਦ ਦੇ ਹੇਠਾਂ ਬਣੇ ਬੰਕਰਾਂ 'ਚ ਲੁਕੇ ਰਹੇ। ਇਸ ਦੌਰਾਨ ਸਾਇਰਨ ਵੱਜਦਾ ਰਿਹਾ। ਕੁਝ ਸਮੇਂ ਬਾਅਦ ਸੈਸ਼ਨ ਸ਼ੁਰੂ ਹੋਇਆ।


ਇਜ਼ਰਾਈਲ ਦੀ ਰੱਖਿਆ ਬਲ ਨੇ ਕਿਹਾ ਹੈ ਕਿ 199 ਲੋਕਾਂ ਨੂੰ ਹਮਾਸ ਨੇ ਬੰਦੀ ਬਣਾਇਆ ਹੋਇਆ ਹੈ। ਬੰਦੀਆਂ ਨੂੰ  ਗਾਜ਼ਾ ਵਿੱਚ ਰੱਖਿਆ ਹੋਇਆ ਹੈ।  ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਲੇਬਨਾਨ ਵਿੱਚ ਇੱਕ ਹੋਰ ਮੋਰਚਾ ਖੁੱਲ੍ਹ ਗਿਆ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਲੇਬਨਾਨ ਸਰਹੱਦ 'ਤੇ 2 ਕਿਲੋਮੀਟਰ ਤੱਕ ਦਾ ਇਲਾਕਾ ਵੀ ਖਾਲੀ ਕਰਵਾਇਆ ਜਾਵੇਗਾ। ਐਤਵਾਰ ਨੂੰ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਸੀ।


ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜਲਦ ਹੀ ਇਜ਼ਰਾਈਲ ਦਾ ਦੌਰਾ ਕਰ ਸਕਦੇ ਹਨ। ਹਾਲਾਂਕਿ ਤਰੀਕ ਅਜੇ ਤੈਅ ਨਹੀਂ ਹੋਈ ਹੈ। ਇੱਕ ਅਮਰੀਕੀ ਅਧਿਕਾਰੀ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ - ਇਹ ਇਜ਼ਰਾਈਲ ਦੇ ਨਾਲ ਇੱਕਜੁੱਟਤਾ ਅਤੇ ਮਾਰੇ ਗਏ ਲੋਕਾਂ ਲਈ ਸੰਵੇਦਨਾ ਪ੍ਰਗਟ ਕਰਨ ਦਾ ਇੱਕ ਤਰੀਕਾ ਹੋਵੇਗਾ।


ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ 'ਚ ਹਜ਼ਾਰਾਂ ਲੋਕ ਲਾਪਤਾ ਹਨ। ਖਦਸ਼ਾ ਹੈ ਕਿ ਉਹ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਕਿ ਦੱਖਣੀ ਗਾਜ਼ਾ ਦੇ ਰਫਾਹ ਕਰਾਸਿੰਗ 'ਤੇ ਜੰਗਬੰਦੀ 'ਤੇ ਸਹਿਮਤੀ ਬਣੀ ਸੀ। ਫਿਲਹਾਲ ਰਫਾਹ ਕਰਾਸਿੰਗ ਗਾਜ਼ਾ ਨੂੰ ਖਾਲੀ ਕਰਨ ਦਾ ਇੱਕੋ ਇੱਕ ਰਸਤਾ ਹੈ।


 


ਭਾਰਤੀ ਮੂਲ ਦੀਆਂ 3 ਔਰਤਾਂ ਦੀ ਮੌਤ


ਗਾਜ਼ਾ ਪੱਟੀ ਤੋਂ ਕੰਮ ਕਰ ਰਹੇ ਕੱਟੜਪੰਥੀ ਸੰਗਠਨ ਹਮਾਸ ਨੇ 7 ਅਕਤੂਬਰ ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਚ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਜੰਗ ਵਧਦੀ ਜਾ ਰਹੀ ਹੈ। ਇਜ਼ਰਾਇਲੀ ਫੌਜ ਅਤੇ ਪੁਲਿਸ ਵਿੱਚ ਸੇਵਾਵਾਂ ਦੇਣ ਵਾਲੀਆਂ ਭਾਰਤੀ ਮੂਲ ਦੀਆਂ ਔਰਤਾਂ ਅੱਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਹਮਾਸ ਦੇ ਖਿਲਾਫ ਇਸ ਜੰਗ 'ਚ ਪਹਿਲੀ ਵਾਰ ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਹੋਈ ਹੈ।