Israel Hamas War: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਰਫਾਹ ਸ਼ਹਿਰ 'ਤੇ ਇਜ਼ਰਾਇਲੀ ਫੌਜ ਦੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਕਈ ਬੇਕਸੂਰ ਨਾਗਰਿਕ ਮਾਰੇ ਗਏ, ਜੋ ਸਿਰਫ਼ ਜੰਗ ਤੋਂ ਬਚਣ ਲਈ ਸ਼ਰਨ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਦਹਿਸ਼ਤ ਹੁਣ ਖ਼ਤਮ ਹੋਣੀ ਚਾਹੀਦੀ ਹੈ। ਹਾਲ ਹੀ 'ਚ ਇਜ਼ਰਾਈਲ ਵੱਲੋਂ ਰਫਾਹ 'ਤੇ ਕੀਤੇ ਹਮਲੇ 'ਚ 45 ਲੋਕਾਂ ਦੀ ਮੌਤ ਹੋ ਗਈ ਤੇ 200 ਹੋਰ ਜ਼ਖਮੀ ਹੋ ਗਏ।


ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਪੋਸਟ 'ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਲਿਖਿਆ, 'ਮੈਂ ਇਜ਼ਰਾਈਲ ਦੀ ਕਾਰਵਾਈ ਦੀ ਸਖਤ ਨਿੰਦਾ ਕਰਦਾ ਹਾਂ, ਜਿਸ ਨੇ ਕਈ ਬੇਕਸੂਰ ਨਾਗਰਿਕਾਂ ਨੂੰ ਮਾਰਿਆ, ਜੋ ਸਿਰਫ਼ ਜੰਗ ਦੇ ਡਰੋਂ ਸ਼ਰਨ ਲੈ ਰਹੇ ਸਨ। ਗਾਜ਼ਾ ਵਿੱਚ ਹੁਣ ਕੋਈ ਸੁਰੱਖਿਅਤ ਥਾਂ ਨਹੀਂ ਤੇ ਇਹ ਦਹਿਸ਼ਤ ਬੰਦ ਹੋਣੀ ਚਾਹੀਦੀ ਹੈ। 


ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਮੁਖੀ ਵੋਲਕਰ ਤੁਰਕ ਨੇ ਵੀ ਇਜ਼ਰਾਇਲੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇੱਕ ਬਿਆਨ 'ਚ ਕਿਹਾ ਕਿ ਸ਼ਰਨਾਰਥੀ ਕੈਂਪਾਂ ਤੋਂ ਆ ਰਹੀਆਂ ਤਸਵੀਰਾਂ ਭਿਆਨਕ ਹਨ। ਇਜ਼ਰਾਈਲ ਦੇ ਲੜਨ ਦੇ ਤਰੀਕਿਆਂ 'ਚ ਕੋਈ ਬਦਲਾਅ ਨਹੀਂ ਆਇਆ। ਇਜ਼ਰਾਈਲ-ਹਮਾਸ ਜੰਗ 'ਚ ਹੁਣ ਤੱਕ ਵੱਡੀ ਗਿਣਤੀ 'ਚ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।



ਉਧਰ, ਇਜ਼ਰਾਇਲੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਹਮਲੇ ਵਿੱਚ ਹਮਾਸ ਦੇ ਦੋ ਉੱਚ ਅਧਿਕਾਰੀ ਮਾਰੇ ਗਏ ਹਨ। ਇਜ਼ਰਾਇਲੀ ਫੌਜ ਨੇ ਦੋਵਾਂ ਦੀ ਪਛਾਣ ਵੀ ਦੱਸੀ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਉਸ ਦੇ ਹਮਲੇ ਵਿੱਚ ਮਾਰੇ ਗਏ ਹਮਾਸ ਦੇ ਚੋਟੀ ਦੇ ਨੇਤਾਵਾਂ ਦੀ ਪਛਾਣ ਯਾਸੀਨ ਰਾਬੀਆ ਤੇ ਖਾਲਿਦ ਨਾਜਰ ਵਜੋਂ ਹੋਈ ਹੈ। 


ਯਾਸੀਨ ਰਾਬੀਆ ਯਹੂਦੀਆ ਤੇ ਸਾਮਰੀਆ ਵਿੱਚ ਹਮਾਸ ਦੀਆਂ ਅੱਤਵਾਦੀ ਗਤੀਵਿਧੀਆਂ ਲਈ ਜ਼ਿੰਮੇਵਾਰ ਸੀ। ਨਾਜਰ ਯਹੂਦੀਆ ਤੇ ਸਾਮਰੀਆ ਵਿੱਚ ਅੱਤਵਾਦੀ ਗਤੀਵਿਧੀਆਂ ਨਾਲ ਜੁੜਿਆ ਇੱਕ ਚੋਟੀ ਦਾ ਨੇਤਾ ਵੀ ਸੀ। ਇਜ਼ਰਾਈਲ ਦਾ ਇਹ ਹਮਲਾ ਹਮਾਸ ਦੇ ਤਲ ਅਵੀਵ 'ਤੇ ਰਾਕੇਟ ਹਮਲੇ ਤੋਂ ਬਾਅਦ ਹੋਇਆ, ਜਿਸ 'ਚ ਹਮਾਸ ਨੇ ਤਲ ਅਵੀਵ 'ਤੇ ਅੱਠ ਰਾਕੇਟ ਦਾਗੇ ਸਨ।



ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਫਾਹ 'ਤੇ ਹਮਲੇ ਨੂੰ ਗਲਤੀ ਮੰਨਿਆ ਤੇ ਜਾਂਚ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਇਜ਼ਰਾਇਲੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਨਿਰਦੋਸ਼ ਲੋਕਾਂ ਨੂੰ ਨੁਕਸਾਨ ਨਾ ਪਹੁੰਚੇ ਪਰ ਬਦਕਿਸਮਤੀ ਨਾਲ ਇਹ ਦਰਦਨਾਕ ਗਲਤੀ ਬੀਤੀ ਰਾਤ ਹੋਈ ਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।