Israel Palestine War: ਇਜ਼ਰਾਈਲ ਤੇ ਫਲਸਤੀਨੀ ਹਮਾਸ ਲੜਾਕਿਆਂ ਵਿਚਕਾਰ ਲਗਾਤਾਰ ਚੌਥੇ ਦਿਨ ਵੀ ਭਿਆਨਕ ਜੰਗ ਜਾਰੀ ਹੈ। ਦੋਵਾਂ ਪਾਸਿਆਂ ਤੋਂ ਹਵਾਈ ਹਮਲੇ ਜਾਰੀ ਹਨ। ਇਜ਼ਰਾਈਲ ਦੇ ਹਮਲੇ ਕਾਰਨ ਗਾਜ਼ਾ ਪੱਟੀ ਵਿੱਚ ਹੁਣ ਤੱਕ 950 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਇਜ਼ਰਾਈਲ ਵਿੱਚ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਬੀਬੀਸੀ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਲੜਾਈ ਹੋਰ ਤੇਜ਼ ਹੋਵੇਗੀ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾੰ ਘੱਟੋ-ਘੱਟ 1,000 ਹਮਾਸ ਲੜਾਕਿਆਂ ਦੀਆਂ ਲਾਸ਼ਾਂ ਦੀ ਗਿਣਤੀ ਕੀਤੀ ਹੈ ਜੋ ਇਜ਼ਰਾਈਲ ਵਿੱਚ ਘੁਸਪੈਠ ਕਰ ਗਏ ਸਨ। ਇਜ਼ਰਾਇਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰਿਕਸ ਨੇ ਕਿਹਾ ਹੈ ਕਿ ਸਾਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਹਾਲਾਂਕਿ ਇਹ ਸਾਨੂੰ ਨਹੀਂ ਰੋਕੇਗਾ ਤੇ ਇਹ ਸਾਡੇ ਸੰਕਲਪ ਨੂੰ ਕਮਜ਼ੋਰ ਨਹੀਂ ਕਰੇਗਾ। ਇਹ ਲੜਾਈ ਜਾਰੀ ਰਹੇਗੀ ਤੇ ਗਾਜ਼ਾ ਪੱਟੀ ਤੋਂ ਅਜਿਹੇ ਦ੍ਰਿਸ਼ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਦੇਖਣਾ ਵੀ ਮੁਸ਼ਕਲ ਹੋਵੇਗਾ।



ਰਿਪੋਰਟ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਹਮਲੇ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਜਾਣਕਾਰੀ ਦਿੱਤੀ ਹੈ ਤੇ ਫਲਸਤੀਨੀ ਕੱਟੜਪੰਥੀ ਸੰਗਠਨ ਨੂੰ 'ਆਈਐਸਆਈਐਸ (ਇਸਲਾਮਿਕ ਸਟੇਟ) ਤੋਂ ਵੀ ਭੈੜਾ ਦੱਸਿਆ ਹੈ। ਇਸਰਾਈਲ ਨੇ ਇਸ ਫ਼ੋਨ ਕਾਲ ਦੀ ਵੀਡੀਓ ਜਾਰੀ ਕੀਤੀ ਹੈ। ਵਿਵਾਦ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਤੀਜੀ ਵਾਰ ਫੋਨ 'ਤੇ ਗੱਲ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ 'ਚ ਸਿੱਧਾ ਪ੍ਰਵੇਸ਼ ਕਰ ਗਿਆ ਹੈ। ਦਰਅਸਲ ਅਮਰੀਕਾ ਨੇ ਆਪਣੇ ਖਤਰਨਾਕ ਹਥਿਆਰ, ਗੋਲਾ ਬਾਰੂਦ ਤੇ ਫੌਜੀ ਇਜ਼ਰਾਈਲ ਭੇਜੇ ਹਨ। ਇਸ ਦੀ ਪੁਸ਼ਟੀ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕੀਤੀ ਹੈ।



ਹਾਸਲ ਜਾਣਕਾਰੀ ਦਿੰਦੇ ਹੋਏ ਇਜ਼ਰਾਇਲੀ ਫੌਜ ਨੇ ਕਿਹਾ ਹੈ ਕਿ ਮੰਗਲਵਾਰ ਰਾਤ ਉਨ੍ਹਾਂ ਨੇ ਗਾਜ਼ਾ 'ਚ 200 ਟਿਕਾਣਿਆਂ 'ਤੇ ਹਮਲਾ ਕੀਤਾ। ਦੋਵਾਂ ਪਾਸਿਆਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੇ ਹਮਲੇ ਵਿੱਚ ਹਮਾਸ ਦੇ ਦੋ ਸੀਨੀਅਰ ਅਧਿਕਾਰੀ ਮਾਰੇ ਗਏ ਹਨ। ਇਸਰਾਈਲੀ ਫੌਜ ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਹਮਾਸ ਨਾਲ ਲੜਾਈ ਲਈ ਗਾਜ਼ਾ ਪੱਟੀ ਦੇ ਨੇੜੇ ਹੁਣ ਲਗਪਗ 300,000 ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪੈਦਲ ਫੌਜ, ਬਖਤਰਬੰਦ ਫੌਜਾਂ, ਆਪਣੀ ਤੋਪਖਾਨਾ ਕੋਰ ਤੇ ਹੋਰ ਬਹੁਤ ਸਾਰੀਆਂ ਫੌਜਾਂ ਨੂੰ ਰਿਜ਼ਰਵ ਤੋਂ ਤਾਇਨਾਤ ਕੀਤਾ ਹੈ। ਵੱਖ-ਵੱਖ ਬ੍ਰਿਗੇਡਾਂ ਤੇ ਡਿਵੀਜ਼ਨਾਂ ਦੇ ਸੈਨਿਕ ਗਾਜ਼ਾ ਪੱਟੀ ਦੇ ਨੇੜੇ ਤਾਇਨਾਤ ਹਨ।


ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਹਮਾਸ ਦੇ ਸੀਨੀਅਰ ਕਮਾਂਡਰ ਮੁਹੰਮਦ ਦੇਈਫ ਦਾ ਭਰਾ ਇਜ਼ਰਾਇਲੀ ਹਵਾਈ ਹਮਲੇ 'ਚ ਮਾਰਿਆ ਗਿਆ ਹੈ। ਰਿਪੋਰਟਾਂ ਮੁਤਾਬਕ ਗਾਜ਼ਾ ਪੱਟੀ ਦੇ ਦੱਖਣ 'ਚ ਖਾਨ ਯੂਨਿਸ 'ਤੇ ਹਵਾਈ ਹਮਲੇ ਦੌਰਾਨ ਅਬਦੁਲ ਫਤਾਹ ਦੇਈਫ ਤੇ ਕੁਝ ਹੋਰ ਰਿਸ਼ਤੇਦਾਰ ਮਾਰੇ ਗਏ ਸਨ। ਹਾਲਾਂਕਿ ਮੁਹੰਮਦ ਦੀਫ ਇਸ ਹਮਲੇ 'ਚ ਵਾਲ-ਵਾਲ ਬਚ ਗਿਆ। ਉਹ ਹਮਾਸ ਦੇ ਫੌਜੀ ਵਿੰਗ ਅਲ-ਅਕਸਾ ਬ੍ਰਿਗੇਡ ਦਾ ਕਮਾਂਡਰ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ 'ਤੇ ਇਜ਼ਰਾਈਲੀ ਹਵਾਈ ਹਮਲਿਆਂ ਵਿਚ 790 ਘਰ ਜ਼ਮੀਨ 'ਤੇ ਢਹਿ ਗਏ ਹਨ ਤੇ 5,330 ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਤਿੰਨ ਪਾਣੀ ਤੇ ਸੈਨੀਟੇਸ਼ਨ ਸਾਈਟਾਂ 'ਤੇ ਹਮਲਿਆਂ ਨੇ 400,000 ਲੋਕਾਂ ਲਈ ਸੇਵਾਵਾਂ ਨੂੰ ਵਿਗਾੜ ਦਿੱਤਾ ਹੈ।



ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ 'ਤੇ ਇਜ਼ਰਾਇਲੀ ਹਮਲਿਆਂ 'ਚ ਘੱਟੋ-ਘੱਟ 260 ਬੱਚੇ ਮਾਰੇ ਗਏ ਹਨ। ਫਲਸਤੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਨੀਵਾਰ ਤੋਂ ਇਜ਼ਰਾਈਲੀ ਹਵਾਈ ਹਮਲਿਆਂ ਨੇ 22,600 ਤੋਂ ਵੱਧ ਰਿਹਾਇਸ਼ੀ ਯੂਨਿਟਾਂ ਤੇ 10 ਸਿਹਤ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਹੈ ਤੇ 48 ਸਕੂਲਾਂ ਨੂੰ ਨੁਕਸਾਨ ਪਹੁੰਚਾਇਆ ਹੈ।